ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਹਿਬਲ ਕਲਾਂ ਇਨਸਾਫ਼ ਮੋਰਚੇ ‘ਚ ਸਵਾ ਮਹੀਨਾ ਪਹਿਲਾਂ ਅਹਿਮ ਐਲਾਨ ਕੀਤੇ ਸਨ। ਸਪੀਕਰ ਸੰਧਵਾਂ ਨੇ ਤਾਂ ਡੇਢ ਮਹੀਨੇ ‘ਚ ਇਨਸਾਫ਼ ਨਾ ਮਿਲਣ ‘ਤੇ ਅਸਤੀਫ਼ਾ ਦੇਣ ਦੀ ਗੱਲ ਵੀ ਆਖੀ ਸੀ। ਇਹ ਡੇਢ ਮਹੀਨਾ 30 ਨਵੰਬਰ ਨੂੰ ਪੂਰਾ ਹੋ ਜਾਣਾ ਹੈ ਪਰ ਹਾਲੇ ਤੱਕ ਇਨਸਾਫ਼ ਦੇਣ ਵੱਲ ਕੁਝ ਠੋਸ ਹੋਇਆ ਨਜ਼ਰ ਨਹੀਂ ਆ ਰਿਹਾ। ਇਸੇ ਲਈ ਬਹਿਬਲ ਕਲਾਂ ਇਨਸਾਫ਼ ਮੋਰਚੇ ਨੇ 30 ਨਵੰਬਰ ਨੂੰ ਵੱਡੇ ਐਕਸ਼ਨ ਦਾ ਐਲਾਨ ਕਰਨ ਬਾਰੇ ਚਰਚਾ ਸ਼ੁਰੂ ਕਰ ਦਿੱਤੀ ਹੈ। ਮੋਰਚੇ ਵਾਲੀ ਥਾਂ ਮੌਜੂਦ ਸੁਖਰਾਜ ਸਿੰਘ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਸਰਕਾਰ ਨੇ ਤਿੰਨ ਵਾਰ ਸਮਾਂ ਲੈਣ ਤੋਂ ਬਾਅਦ ਵੀ ਕੋਈ ਹੱਲ ਨਹੀਂ ਕੀਤਾ ਤੇ ਨਾ ਹੀ ਇਨਸਾਫ਼ ਦਿੱਤਾ ਹੈ। ਇਸ ਤੋਂ ਇਲਾਵਾ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਦਾਅਵਾ ਕੀਤੀ ਸੀ ਕਿ ਇਸ ਮਾਮਲੇ ‘ਚ 24 ਘੰਟਿਆਂ ਅੰਦਰ ਇਨਸਾਫ਼ ਦਿੱਤਾ ਜਾ ਸਕਦਾ ਹੈ ਪਰ ਹੁਣ ਇਨ੍ਹਾਂ ਦੇ ਸਵਾਲ ਖ਼ੁਦ ‘ਤੇ ਆ ਕੇ ਹੀ ਖੜ੍ਹੇ ਹੋ ਗਏ ਹਨ। ਸੁਖਰਾਜ ਨੇ ਕਿਹਾ ਕਿ ਹੁਣ ਸਰਕਾਰ ਵੱਲੋਂ ਮੰਗੇ ਸਮੇਂ ਦੇ ਸਿਰਫ਼ 9 ਦਿਨ ਬਾਕੀ ਰਹਿ ਗਏ ਹਨ। ਇਹ ਦਿਨ ਪਰਖ ਦੀ ਘੜੀ ਹੈ ਕਿਉਂਕਿ ਸਪੀਕਰ ਸਾਹਿਬ ਨੇ ਗੁਰੂ ਦੀ ਹਜ਼ੂਰੀ ‘ਚ ਕਿਹਾ ਸੀ ਕਿ ਮੈਂ ਪਹਿਲਾਂ ਸਿੱਖ ਹਾਂ ਅਤੇ ਮੈਂ ਪੰਥ ਦਾ ਹਾਂ। ਉਨ੍ਹਾਂ ਕਿਹਾ ਕਿ ਹੁਣ ਦੇਖਣਾ ਹੋਵੇਗਾ ਕਿ ਸਪੀਕਰ ਸਾਹਿਬ ਅਸਲ ‘ਚ ਪੰਥਕ ਹਨ ਜਾਂ ਫਿਰ ਸਰਕਾਰ ਨਾਲ ਖੜ੍ਹੇ ਹੋ ਕੇ ਸਮਾਂ ਵਧਾਉਣ-ਘਟਾਉਣ ਦੀ ਗੱਲ ਕਰਦੇ ਹਨ। ਸੁਖਰਾਜ ਨੇ ਕਿਹਾ ਕਿ ਇਸ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ ਵੱਲੋਂ ਪੁੱਛਗਿੱਛ ਕਰਨ ਦਾ ਕੰਮ ਤਾਂ ਪਿਛਲੇ 8 ਸਾਲ ਤੋਂ ਲਗਾਤਾਰ ਜਾਰੀ ਹੈ। ‘ਸਿਟ’ ਆਪਣੀ ਖਾਨਾ-ਪੂਰਤੀ ਕਰਦੀ ਆਈ ਹੈ ਪਰ ਮੋਰਚੇ ‘ਚ ਬੈਠੀ ਸੰਗਤ ਅਤੇ ਪੰਜਾਬੀ ਇਹ ਦੇਖ ਰਹੇ ਹਨ ਕਿ ਇਸ ਦਾ ਨਤੀਜਾ ਕੀ ਆਵੇਗਾ। ਸੁਖਰਾਜ ਸਿੰਘ ਨੇ ਕਿਹਾ ਕਿ ਅਸੀਂ ਨਤੀਜੇ ਦੀ ਉਡੀਕ ‘ਚ ਹਾਂ ਤੇ ਕਿਸੇ ਕੋਲੋਂ ਪੁੱਛਗਿੱਛ ਕਰਨੀ ਇਸ ਦਾ ਹੱਲ ਨਹੀਂ ਹੈ। ਇਸ ਦਾ ਹੱਲ ਹੈ ਕਿ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਕੀ ਕਰ ਰਹੀ ਹੈ, ਕੀ ਇਸ ਮਾਮਲੇ ‘ਚ ਦੋਸ਼ੀ ਨੂੰ ਮੌਤ ਦੀ ਸਜ਼ਾ ਤੱਕ ਲੈ ਕੇ ਜਾਵੇਗੀ, ਗੋਲੀ ਕਾਂਡ ‘ਚ ਗੋਲੀਆਂ ਚਲਾਉਣ ਵਾਲਿਆਂ ‘ਤੇ ਕੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਨਤੀਜੇ ਦੀ ਉਡੀਕ ”ਚ ਹਨ, ਖਾਨਾਪੂਰਤੀ ਦੀ ਉਡੀਕ ‘ਚ ਨਹੀਂ। ਉਨ੍ਹਾਂ ਕਿਹਾ ਕਿ ਹੁਣ 30 ਤਰੀਕ ਤੱਕ ਜੇਕਰ ਇਨਸਾਫ਼ ਨਹੀਂ ਮਿਲਦਾ ਤਾਂ ਸਮੁੱਚੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋਣਗੀਆਂ। ਉਸ ਤੋਂ ਬਾਅਦ ਹੋਣ ਵਾਲਾ ਐਕਸ਼ਨ ਸੰਗਤ ਰੂਪੀ ਹੋਵੇਗਾ। ਇਹ ਚੀਜ਼ ‘ਤੇ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਰਾਜਨੀਤੀ ਕਰਨੀ ਹੈ ਜਾਂ ਘਰ ਬੈਠਣਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਚੰਗੇ ਕੰਮ ਕਰਨ ਲਈ ਸਰਕਾਰ ਬਣਾਈ ਸੀ।