ਅਕਾਲੀ-ਭਾਜਪਾ ਸਰਕਾਰ ਦੌਰਾਨ ਹੋਏ 1200 ਕਰੋੜ ਰੁਪਏ ਦੇ ਸਿੰਜਾਈ ਘੁਟਾਲੇ ‘ਚ ਈ.ਡੀ. ਨੇ ਵੱਡੀ ਕਾਰਵਾਈ ਕੀਤੀ ਹੈ। ਈ.ਡੀ. ਨੇ ਪ੍ਰੀਵੈਨਸ਼ਨ ਆਫ ਮਨੀ ਲਾਂਡ੍ਰਿੰਗ 2002 ਤਹਿਤ ਦਰਜ ਮਾਮਲੇ ‘ਚ ਮੁਲਜ਼ਮ ਗੁਰਿੰਦਰ ਸਿੰਘ ਤੇ ਉਸ ਦੀ ਪਤਨੀ ਦੀ 112 ਕਰੋੜ ਰੁਪਏ ਦੀ ਚੱਲ ਅਚੱਲ ਸੰਪਤੀ ਨੂੰ ਅਟੈਚ ਕੀਤਾ ਹੈ। ਇਸ ‘ਚ 70.15 ਕਰੋੜ ਦੀ ਅਚੱਲ ਸੰਪਤੀ ਹੈ ਜਦੋਂਕਿ ਬੈਂਕ ਖਾਤਿਆਂ ‘ਚ ਪਏ 41.50 ਕਰੋੜ ਰੁਪਏ ਹਨ। ਗੁਰਿੰਦਰ ਦੀ ਪੰਜਾਬ ਤੇ ਚੰਡੀਗੜ੍ਹ ‘ਚ ਕੁੱਲ 27 ਚੱਲ ਅਚੱਲ ਸੰਪਤੀਆਂ ਹਨ। ਗੁਰਿੰਦਰ ਸਿੰਘ ਦੀ ਜ਼ਮਾਨਤ ਨੂੰ ਲੈ ਕੇ ਸੁਣਵਾਈ ਵੀ ਹੋਈ। ਵਧੀਕ ਸੈਸ਼ਨ ਜੱਜ ਅਵਤਾਰ ਸਿੰਘ ਨੇ ਮਾਮਲੇ ‘ਚ ਬਚਾਅ ਤੇ ਸਰਕਾਰੀ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਨ੍ਹਾਂ ਦੀ ਜ਼ਮਾਨਤ ਖਾਰਜ ਕਰ ਦਿੱਤੀ। ਈ.ਡੀ. ਨੇ ਉਸ ਖ਼ਿਲਾਫ਼ ਆਈ.ਪੀ.ਸੀ. ਤੇ ਪੀ.ਸੀ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐੱਫ.ਆਈ.ਆਰ. ਤੇ ਉਸ ਤੋਂ ਬਾਅਦ ਦਾਇਰ ਚਲਾਨ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ ਸੀ। ਜ਼ਿਕਰਯੋਗ ਹੈ ਪੰਜਾਬ ਦੀ ਸਾਬਕਾ ਸ਼੍ਰੋਮਣੀ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ‘ਚ ਹੋਏ ਇਸ ਸਿੰਜਾਈ ਘੁਟਾਲੇ ਜੀ ਜਾਂਚ ਪੰਜਾਬ ਵਿਜੀਲੈਂਸ ਬਿਊਰੋ ਵੀ ਕਰ ਰਿਹਾ ਹੈ। ਮਾਮਲੇ ‘ਚ ਤਿੰਨ ਸਾਬਕਾ ਆਈ.ਏ.ਐੱਸ. ਅਧਿਕਾਰੀਆਂ ਤੇ ਸਾਬਕਾ ਅਕਾਲੀ ਮੰਤਰੀਆਂ ਤੋਂ ਵਿਜੀਲੈਂਸ ਬਿਊਰੋ ਪੁੱਛਗਿੱਛ ਕਰ ਰਹੀ ਹੈ। ਇਨ੍ਹਾਂ ‘ਚ ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਸਾਬਕਾ ਸਿੰਜਾਈ ਸਕੱਤਰ ਕੇ.ਵੀ.ਐੱਸ. ਸਿੱਧੂ ਤੇ ਸਾਬਕਾ ਆਈ.ਏ.ਐੱਸ. ਕਾਹਨ ਸਿੰਘ ਪੰਨੂੰ ਤੋਂ ਇਲਾਵਾ ਸਾਬਕਾ ਮੰਤਰੀ ਜਨਮੇਜ਼ਾ ਸਿੰਘ ਸੇਖੋਂ ਤੇ ਸ਼ਰਨਜੀਤ ਸਿੰਘ ਢਿੱਲੋਂ ਸ਼ਾਮਲ ਹਨ। ਇਸ ਘੁਟਾਲੇ ਨਾਲ 2017 ‘ਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪਰਦਾ ਉੱਠਿਆ ਸੀ। ਮਾਮਲੇ ‘ਚ ਠੇਕੇਦਾਰ ਗੁਰਿੰਦਰ ਸਿੰਘ ਸਮੇਤ ਤਿੰਨ ਇੰਜੀਨੀਅਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਵੱਡੇ ਅਧਿਕਾਰੀਆਂ ‘ਤੇ ਨਾ ਕੋਈ ਆਂਚ ਆਈ ਤੇ ਨਾ ਹੀ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ। 2022 ‘ਚ ਸੂਬੇ ‘ਚ ਸੱਤ ਪਰਿਵਰਤਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮਾਮਲੇ ਦੀ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ। ਇਸ ਮਾਮਲੇ ‘ਚ ਆਉਣ ਵਾਲੇ ਦਿਨਾਂ ‘ਚ ਵਿਜੀਲੈਂਸ ਵੀ ਵੱਡੀ ਕਾਰਵਾਈ ਕਰ ਸਕਦੀ ਹੈ। ਠੇਕੇਦਾਰ ਗੁਰਿੰਦਰ ਸਿੰਘ ਨੂੰ 2007 ਤੋਂ ਲੈ ਕੇ 2016 ਤਕ 1200 ਕਰੋੜ ਤੋਂ ਜ਼ਿਆਦਾ ਦਾ ਕੰਮ ਅਲਾਟ ਹੋਇਆ ਸੀ। ਉਦੋਂ ਗੁਰਿੰਦਰ ਸਿੰਘ ਦੀ ਸਿੰਜਾਈ ਵਿਭਾਗ ‘ਚ ਤੂਤੀ ਬੋਲਦੀ ਸੀ ਤੇ ਹੇਠਾਂ ਤੋਂ ਉੱਪਰ ਤਕ ਸਾਰੇ ਅਧਿਕਾਰੀ ਹੀ ਉਸ ਦੀ ਹੀ ਪਸੰਦ ਦੇ ਲੱਗਦੇ ਸਨ।