ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ‘ਚ ਇਕ ਬੱਸ ਦੇ ਪੁਲ ‘ਤੇ ਲੱਗੇ ਖੰਭੇ ਨਾਲ ਟਕਰਾਉਣ ਮਗਰੋਂ ਡੂੰਘੀ ਖੱਡ ‘ਚ ਡਿੱਗ ਜਾਣ ਕਾਰਨ 42 ਵਿਅਕਤੀ ਹਾਲਾਕ ਹੋ ਗਏ। ਬੱਸ ‘ਚ 48 ਵਿਅਕਤੀ ਸਵਾਰ ਸਨ ਅਤੇ ਇਹ ਕੋਇਟਾ ਤੋਂ ਕਰਾਚੀ ਜਾ ਰਹੀ ਸੀ। ਖੱਡ ‘ਚ ਡਿੱਗਣ ਤੋਂ ਪਹਿਲਾਂ ਬੱਸ ਨੂੰ ਅੱਗ ਲੱਗ ਗਈ ਸੀ। ਲਾਸਬੇਲਾ ਇਲਾਕੇ ਦੇ ਸਹਾਇਕ ਕਮਿਸ਼ਨਰ ਹਮਜ਼ਾ ਅੰਜੁਮ ਨੇ ਦੱਸਿਆ ਕਿ ਬੱਸ ਦੀ ਰਫ਼ਤਾਰ ਤੇਜ਼ ਹੋਣ ਕਾਰਨ ਯੂ-ਟਰਨ ਲੈਣ ‘ਤੇ ਇਹ ਹਾਦਸਾ ਵਾਪਰਿਆ। ਇਕ ਬੱਚੇ ਅਤੇ ਇਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਨੂੰ ਬਚਾਇਆ ਜਾ ਸਕਿਆ। ਉਨ੍ਹਾਂ ਕਿਹਾ ਕਿ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਹਨ ਅਤੇ ਉਨ੍ਹਾਂ ਦੀ ਪਛਾਣ ਲਈ ਡੀ.ਐੱਨ.ਏ. ਟੈਸਟ ਕਰਵਾਇਆ ਜਾਵੇਗਾ। ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ। ਓਧਰ ਦੂਜੇ ਪਾਸੇ ਉੱਤਰ-ਪੱਛਮੀ ਪਾਕਿਸਤਾਨ ‘ਚ ਇਕ ਝੀਲ ‘ਚ ਕਿਸ਼ਤੀ ਪਲਟਣ ਕਾਰਨ ਇਸ ‘ਚ ਸਵਾਰ ਇਕ ਮਦਰੱਸੇ ਦੇ ਘੱਟੋ-ਘੱਟ 17 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ 13 ਜਣੇ ਜ਼ਖ਼ਮੀ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮੀਰਬਾਸ਼ ਖੇਲ ਮਦਰੱਸੇ ਦੇ ਸੱਤ ਤੋਂ 14 ਸਾਲ ਉਮਰ ਵਰਗ ਦੇ ਵਿਦਿਆਰਥੀ ਸੈਰ-ਸਪਾਟੇ ‘ਤੇ ਗਏ ਸਨ। ਇਸ ਦੌਰਾਨ ਖੈਬਰ ਪਖਤੂਨਖਵਾ ਪ੍ਰਾਂਤ ਦੇ ਕੋਹਾਟ ਜ਼ਿਲ੍ਹੇ ‘ਚ ਪੈਂਦੀ ਟਾਂਡਾ ਡੈਮ ਝੀਲ ‘ਚ ਉਨ੍ਹਾਂ ਦੀ ਕਿਸ਼ਤੀ ਪਲਟ ਗਈ। ਬਚਾਅ ਦਲ ਨੇ 17 ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਡਿਪਟੀ ਕਮਿਸ਼ਨਰ ਕੋਹਾਟ ਫਰਕਾਨ ਅਸ਼ਰਫ ਨੇ ਦੱਸਿਆ ਕਿ ਕਿਸ਼ਤੀ ‘ਚ 30 ਵਿਅਕਤੀ ਸਵਾਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਸਨ।