ਮੈਕਸੀਕੋ ‘ਚ ਇਕ ਤੇਲ ਟੈਂਕਰ ਅਤੇ ਯਾਤਰੀ ਬੱਸ ਵਿਚਾਲੇ ਹੋਈ ਜ਼ਬਰਦਸਤ ਟੱਕਰ ‘ਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਤਾਮਾਉਲਿਪਾਸ ਰਾਜ ਦੇ ਵਕੀਲਾਂ ਨੇ ਦੱਸਿਆ ਕਿ ਟੱਕਰ ‘ਚ ਦੋਵੇਂ ਵਾਹਨ ਪੂਰੀ ਤਰ੍ਹਾਂ ਸੜ ਗਏ। ਪੁਲੀਸ ਵੱਲੋਂ ਜਾਰੀ ਕੀਤੀਆਂ ਤਸਵੀਰਾਂ ‘ਚ ਬੱਸ ਸੜੇ ਹੋਏ ਧਾਤੂ ਦੇ ਢੇਰ ਵਾਂਗ ਨਜ਼ਰ ਆ ਰਹੀ ਹੈ। ਤਾਮਾਉਲਿਪਾਸ ਰਾਜ ਦੀ ਪੁਲੀਸ ਨੇ ਸ਼ੁਰੂ ‘ਚ ਕਿਹਾ ਸੀ ਕਿ ਨੌਂ ਲਾਸ਼ਾਂ ਦੇ ਅਵਸ਼ੇਸ਼ ਮਿਲ ਗਏ ਹਨ। ਉਸਨੇ ਬਾਅਦ ‘ਚ ਕਿਹਾ ਕਿ ਨੌਂ ਹੋਰ ਅਵਸ਼ੇਸ਼ ਮਿਲੇ ਹਨ ਜੋ ਕਿ ਹੁਣ ਤੱਕ 18 ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦੇ ਹਨ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਹ ਹਾਦਸਾ ਮੋਂਟੇਰੀ ਸ਼ਹਿਰ ਵੱਲ ਜਾਣ ਵਾਲੇ ਹਾਈਵੇਅ ‘ਤੇ ਤੜਕੇ ਵਾਪਰਿਆ। ਤੇਲ ਭਰਨ ਵਾਲੇ ਟੈਂਕਰ ਦਾ ਡਰਾਈਵਰ ਠੀਕ ਮੰਨਿਆ ਜਾ ਰਿਹਾ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬੱਸ ਹਿਡਾਲਗੋ ਤੋਂ ਮੋਂਟੇਰੀ ਸ਼ਹਿਰ ਜਾ ਰਹੀ ਸੀ।