ਇਕ ਭਾਰਤੀ ਮੂਲ ਦੇ 61 ਸਾਲਾ ਵਿਅਕਤੀ ਨੂੰ ਬ੍ਰਿਟੇਨ ‘ਚ 16 ਸਾਲਾ ਕੁੜੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਸ ਵਿਅਕਤੀ ਨੂੰ 30 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਭੁਗਤਣੀ ਪਵੇਗੀ। ਮੈਟਰੋਪੋਲੀਟਨ ਪੁਲੀਸ ਨੇ ਕਿਹਾ ਕਿ ਪਿਛਲੇ ਹਫ਼ਤੇ ਵੁੱਡ ਗ੍ਰੀਨ ਕਰਾਊਨ ਕੋਰਟ ‘ਚ ਸੁਣਵਾਈ ਤੋਂ ਬਾਅਦ ਲੰਡਨ ‘ਚ ਕੋਲਿਨਡੇਲ ਦੇ ਆਨੰਦਰਾਜਾ ਬ੍ਰੇਮਾਕੁਮਾਰ ਨੂੰ 30 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। 6 ਦਸੰਬਰ 2022 ਨੂੰ ਉਸੇ ਅਦਾਲਤ ‘ਚ ਇਕ ਮੁਕੱਦਮੇ ਦੀ ਸਮਾਪਤੀ ਤੋਂ ਬਾਅਦ ਉਸਨੂੰ ਇਕ ਬੱਚੇ ਨਾਲ ਜਿਨਸੀ ਗਤੀਵਿਧੀ ਦੇ 4 ਮਾਮਲਿਆਂ ‘ਚ ਦੋਸ਼ੀ ਪਾਇਆ ਗਿਆ ਸੀ। ਅਦਾਲਤ ਨੇ ਸੁਣਿਆ ਕਿ ਕਿਵੇਂ ਬ੍ਰੇਮਾਕੁਮਾਰ ਨੇ 2010 ‘ਚ 16 ਸਾਲ ਤੋਂ ਘੱਟ ਉਮਰ ਦੀ ਇਕ ਛੋਟੀ ਕੁੜੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਨਾਲ ਦੁਰਵਿਵਹਾਰ ਕੀਤਾ ਸੀ ਜੋ ਉਸ ਨੂੰ ਜਾਣਦੀ ਸੀ। ਹਾਲਾਂਕਿ ਇਕ ਥੈਰੇਪਿਸਟ ਵੱਲੋਂ ਇਸ ਸਬੰਧੀ ਰਿਪਰੋਟ ਤਿਆਰ ਕਰਨ ਦੇ ਬਾਵਜੂਦ ਵੀ ਪੁਲੀਸ ਨੂੰ 2019 ਤੱਕ ਇਸ ਘਟਨਾ ਬਾਰੇ ਪਤਾ ਨਹੀਂ ਲੱਗਾ ਸੀ। ਮੈਟਰੋਪੋਲੀਟਨ ਪੁਲੀਸ ਦੇ ਇਕ ਬਿਆਨ ਅਨੁਸਾਰ ਪੁਲੀਸ ਨੇ ਉਦੋਂ ਪੀੜਤਾ ਨਾਲ ਗੱਲਬਾਤ ਕੀਤੀ, ਜੋ ਜਾਂਚ ‘ਚ ਸਹਿਯੋਗ ਕਰਨ ਲਈ ਸਹਿਮਤ ਹੋ ਗਈ। ਮੇਟ ਪੁਲੀਸ ਦੇ ਬੁਲਾਰੇ ਨੇ ਮਾਈਲੰਡਨ ਨੂੰ ਦੱਸਿਆ, ‘ਇਸ ਕੁੜੀ ਨੇ ਪੁਲੀਸ ਨਾਲ ਗੱਲ ਕਰਨ ਅਤੇ ਇਸ ਜਾਂਚ ‘ਚ ਸਹਿਯੋਗ ਕਰਨ ‘ਚ ਬਹੁਤ ਹਿੰਮਤ ਦਿਖਾਈ ਹੈ। ਮੈਨੂੰ ਉਮੀਦ ਹੈ ਕਿ ਬ੍ਰੇਮਾਕੁਮਾਰ ਨੂੰ ਦੋਸ਼ੀ ਪਾਇਆ ਗਿਆ ਹੈ ਅਤੇ ਇਸ ਨਾਲ ਕੁੜੀ ਨੂੰ ਇਹ ਅਹਿਸਾਸ ਹੋਵੇਗਾ ਕਿ ਉਸ ਨਾਲ ਨਿਆਂ ਹੋਇਆ ਹੈ।’ ਪੁਲੀਸ ਨੇ ਘਟਨਾ ਦੇ ਸਮੇਂ ਬ੍ਰੇਮਾਕੁਮਾਰ ਨੂੰ ਜਾਣਨ ਵਾਲਿਆਂ ਤੋਂ ਹੋਰ ਸਬੂਤ ਇਕੱਠੇ ਕੀਤੇ ਸਨ। ਬ੍ਰੇਮਾਕੁਮਾਰ, ਜਿਸ ਨੂੰ 30 ਅਪ੍ਰੈਲ, 2021 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਦੋਸ਼ਾਂ ਤੋਂ ਇਨਕਾਰ ਕੀਤਾ ਪਰ ਬਾਅਦ ‘ਚ 16 ਦਸੰਬਰ 2021 ਨੂੰ ਉਸ ‘ਤੇ ਦੋਸ਼ ਲਗਾਇਆ ਗਿਆ।