ਇਸ ਵਰ੍ਹੇ ਦੇ ਨੋਬਲੇ ਸ਼ਾਂਤੀ ਪੁਰਸਕਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਇਹ ਬੇਲਾਰੂਸ ਦੀ ਜੇਲ੍ਹ ‘ਚ ਬੰਦ ਕਾਰਕੁਨ ਏਲੇਸ ਬਿਆਲੀਅਤਸਕੀ, ਰੂਸੀ ਗਰੁੱਪ ‘ਮੈਮੋਰੀਅਲ’ ਅਤੇ ਯੂਕਰੇਨ ਦੀ ਜਥੇਬੰਦੀ ‘ਸੈਂਟਰ ਫਾਰ ਲਿਬਰਟੀਜ਼’ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਦੇ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ 70ਵੇਂ ਜਨਮ ਦਿਨ ‘ਤੇ ਸਖ਼ਤ ਤਾੜਨਾ ਕੀਤੀ ਗਈ ਹੈ। ਨਾਰਵੇ ਦੀ ਨੋਬੇਲ ਕਮੇਟੀ ਦੇ ਚੇਅਰ ਬੇਰਿਟ ਰੀਸ-ਐਂਡਰਸਨ ਨੇ ਕਿਹਾ ਕਿ ਪੈਨਲ ਗੁਆਂਢੀ ਮੁਲਕਾਂ ਬੇਲਾਰੂਸ, ਰੂਸ ਅਤੇ ਯੂਕਰੇਨ ‘ਚ ਮਨੁੱਖੀ ਅਧਿਕਾਰਾਂ, ਜਮਹੂਰੀਅਤ ਅਤੇ ਸ਼ਾਂਤੀਪੂਰਨ ਸਹਿ-ਹੋਂਦ ਦੇ ਤਿੰਨ ਸ਼ਾਨਦਾਰ ਚੈਂਪੀਅਨਾਂ ਦਾ ਸਨਮਾਨ ਕਰਨਾ ਚਾਹੁੰਦਾ ਹੈ। ਓਸਲੋ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮਨੁੱਖੀ ਕਦਰਾਂ-ਕੀਮਤਾਂ, ਫ਼ੌਜ ਵਿਰੋਧੀ ਅਤੇ ਕਾਨੂੰਨ ਦੇ ਸਿਧਾਂਤਾਂ ਦੇ ਹੱਕ ‘ਚ ਲਗਾਤਾਰ ਯਤਨਾਂ ਦੁਆਰਾ ਇਸ ਸਾਲ ਦੇ ਪੁਰਸਕਾਰ ਜੇਤੂਆਂ ਨੇ ਅਲਫਰੈਡ ਨੋਬੇਲ ਦੇ ਸ਼ਾਂਤੀ ਅਤੇ ਭਾਈਚਾਰੇ ਦੇ ਦ੍ਰਿਸ਼ਟੀਕੋਣ ਨੂੰ ਸੁਰਜੀਤ ਕੀਤਾ ਹੈ। ਬਿਆਲੀਅਤਸਕੀ 1980 ਦੇ ਦਹਾਕੇ ਦੇ ਮੱਧ ‘ਚ ਬੇਲਾਰੂਸ ਵਿੱਚ ਲੋਕਤੰਤਰ ਅੰਦੋਲਨ ਦੇ ਨੇਤਾਵਾਂ ਵਿੱਚੋਂ ਇਕ ਸੀ ਅਤੇ ਉਸ ਨੇ ਤਾਨਾਸ਼ਾਹੀ ਮੁਲਕ ‘ਚ ਮਨੁੱਖੀ ਅਧਿਕਾਰਾਂ ਅਤੇ ਨਾਗਰਿਕ ਸੁਤੰਤਰਤਾ ਲਈ ਮੁਹਿੰਮ ਜਾਰੀ ਰੱਖੀ। ਉਸ ਨੇ ਗੈਰ-ਸਰਕਾਰੀ ਸੰਗਠਨ ਹਿਊਮਨ ਰਾਈਟਸ ਸੈਂਟਰ ਵਿਆਸਨਾ ਦੀ ਸਥਾਪਨਾ ਕੀਤੀ ਅਤੇ 2020 ‘ਚ ਰਾਈਟ ਲਾਈਵਲੀਹੁੱਡ ਐਵਾਰਡ ਜਿੱਤਿਆ ਸੀ ਜਿਸ ਨੂੰ ਨੋਬੇਲ ਪੁਰਸਕਾਰ ਦੇ ਬਦਲ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਸਾਲ ਸਰਕਾਰ ਵਿਰੋਧੀ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਬਿਆਲੀਅਤਸਕੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ ਅਤੇ ਉਹ ਬਿਨਾਂ ਮੁਕੱਦਮੇ ਦੇ ਜੇਲ੍ਹ ‘ਚ ਬੰਦ ਹੈ। ਉਧਰ ‘ਮੈਮੋਰੀਅਲ’ ਦੀ ਸੋਵੀਅਤ ਯੂਨੀਅਨ ‘ਚ 1987 ‘ਚ ਸਥਾਪਨਾ ਕੀਤੀ ਗਈ ਸੀ ਤਾਂ ਜੋ ਕਮਿਊਨਿਸਟ ਦਮਨ ਦੇ ਪੀੜਤਾਂ ਨੂੰ ਯਾਦ ਕੀਤਾ ਜਾ ਸਕੇ। ਉਸ ਨੇ ਰੂਸ ‘ਚ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ ਜਾਣਕਾਰੀ ਇਕੱਠੀ ਕਰਨਾ ਜਾਰੀ ਰੱਖਿਆ ਅਤੇ ਦੇਸ਼ ‘ਚ ਰਾਜਨੀਤਿਕ ਕੈਦੀਆਂ ਦਾ ਪਤਾ ਲਗਾਇਆ ਹੈ। ਰੀਸ ਐਂਡਰਸਨ ਨੇ ਕਿਹਾ ਕਿ ਇਹ ਗਰੁੱਪ ਫੌਜੀਵਾਦ ਦਾ ਮੁਕਾਬਲਾ ਕਰਨ ਅਤੇ ਮਨੁੱਖੀ ਅਧਿਕਾਰਾਂ ਨੂੰ ਉਤਸ਼ਾਹਤ ਕਰਨ ਦੀਆਂ ਕੋਸ਼ਿਸ਼ਾਂ ‘ਚ ਸਭ ਤੋਂ ਅੱਗੇ ਹੈ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਕਿਸੇ ਵਿਅਕਤੀ ਵਿਸ਼ੇਸ਼ ਦੇ ਖ਼ਿਲਾਫ਼ ਨਹੀਂ ਹੈ। ਯੂਕਰੇਨ ਦੇ ਸੈਂਟਰ ਫਾਰ ਸਿਵਲ ਲਿਬਰਟੀਜ਼ ਦੀ ਸਥਾਪਨਾ 2007 ‘ਚ ਹੋਈ ਸੀ ਤਾਂ ਜੋ ਮੁਲਕ ‘ਚ ਮਨੁੱਖੀ ਹੱਕਾਂ ਅਤੇ ਜਮਹੂਰੀਅਤ ਨੂੰ ਹੁਲਾਰਾ ਦਿੱਤਾ ਜਾ ਸਕੇ।