ਬੇਲਾਰੂਸ ਦੀ 24 ਸਾਲਾ ਖਿਡਾਰਨ ਆਰਿਆਨਾ ਸਬਾਲੇਂਕਾ ਨੇ ਆਸਟਰੇਲੀਅਨ ਓਪਨ ਦਾ ਮਹਿਲਾ ਸਿੰਗਲ ਖਿਤਾਬ ਜਿੱਤ ਲਿਆ ਹੈ। ਨਵੀਂ ਚੈਂਪੀਅਨ ਆਰਿਆਨਾ ਨੇ ਖ਼ਿਤਾਬੀ ਮੁਕਾਬਲੇ ‘ਚ ਕਜ਼ਾਕਿਸਤਾਨ ਦੀ ਏਲੇਨਾ ਰਾਇਬਾਕੀਨਾ ਨੂੰ 4-6, 6-3, 6-4 ਨਾਲ ਹਰਾਇਆ। ਇਹ ਮੁਕਾਬਲਾ ਰਾਇਬਾਕੀਨਾ ਦੀ ਬਿਹਤਰੀਨ ਸਰਵਿਸ ਤੇ ਸਬਾਲੇਂਕਾ ਦੀ ਤੇਜ਼ ਤਰਾਰ ਸਮੈਸ਼ ਵਿਚਾਲੇ ਸੀ, ਜਿਸ ਦੌਰਾਨ ਪਹਿਲਾ ਸੈੱਟ ਰਾਇਬਾਕੀਨਾ ਨੇ ਆਪਣੇ ਨਾਂਅ ਕੀਤਾ। ਇਸ ਤੋਂ ਬਾਅਦ ਸਬਾਲੇਂਕਾ ਨੇ ਜ਼ਬਰਦਸਤ ਵਾਪਸੀ ਕਰਦਿਆਂ ਦੂਜਾ ਤੇ ਤੀਜਾ ਸੈੱਟ ਜਿੱਤ ਕੇ ਮੁਕਾਬਲਾ ਆਪਣੇ ਨਾਂਅ ਕਰ ਲਿਆ। ਇਹ ਸਬਾਲੇਂਕਾ ਦਾ ਪਹਿਲਾ ਗ੍ਰੈਂਡ ਸਲੈਮ ਖ਼ਿਤਾਬ ਹੈ। ਦੂਜੇ ਪਾਸੇ ਮਾਸਕੋ ‘ਚ ਜਨਮੀ 23 ਸਾਲ ਦੀ ਰਾਇਬਾਕੀਨਾ ਨੇ ਸਾਲ 2018 ‘ਚ ਕਜ਼ਾਕਿਸਤਾਨ ਵੱਲੋਂ ਖੇਡਣਾ ਸ਼ੁਰੂ ਕੀਤਾ ਸੀ। 2022 ‘ਚ ਵਿੰਬਲਡਨ ਦੇ ਰੂਪ ‘ਚ ਰਾਇਬਾਕੀਨਾ ਨੇ ਪਹਿਲਾ ਗ੍ਰੈਂਡ ਸਲੈਮ ਜਿੱਤਿਆ ਸੀ। ਮਹਿਲਾ ਸਿੰਗਲ ‘ਚ ਰਾਇਬਾਕੀਨਾ ਦੀ ਮੌਜੂਦਾ ਰੈਂਕਿੰਗ 23 ਹੈ। ਰਾਇਬਾਕੀਨਾ 2001 ‘ਚ ਜੈਨੀਫਰ ਕੈਪ੍ਰਿਯਾਤੀ ਤੋਂ ਬਾਅਦ ਪਹਿਲੀ ਅਜਿਹੀ ਖਿਡਾਰਨ ਹੈ ਜਿਸ ਨੇ ਮੈਲਬੋਰਨ ਪਾਰਕ ‘ਚ ਤਿੰਨ ਗ੍ਰੈਂਡ ਸਲੈਮ ਚੈਂਪੀਅਨ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। ਉਸ ਨੇ ਤਿੰਨ ਗ੍ਰੈਂਡ ਸਲੈਮ ਦੀ ਜੇਤੂ ਈਗਾ ਸਵਾਇਤੇਕ, 2012-13 ਆਸਟਰੇਲੀਅਨ ਓਪਨ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਅਤੇ 2017 ਫ੍ਰੈਂਚ ਓਪਨ ਦੀ ਚੈਂਪੀਅਨ ਜੇਲੇਨਾ ਓਸਟਾਪੇਂਕੋ ਨੂੰ ਹਰਾਇਆ।