ਸਟਾਰ ਫਾਰਵਰਡ ਬਲੇਕ ਗੋਵਰਸ ਦੇ ਚਾਰ ਗੋਲਾਂ ਦੀ ਮਦਦ ਨਾਲ ਆਸਟਰੇਲੀਆ ਨੇ ਦੱਖਣੀ ਅਫਰੀਕਾ ਨੂੰ 9-2 ਨਾਲ ਹਰਾ ਕੇ ਪੂਲ ਏ ‘ਚ ਸਿਖਰ ‘ਤੇ ਰਹਿ ਕੇ ਐੱਫ.ਆਈ.ਐੱਚ. ਪੁਰਸ਼ ਵਰਲਡ ਕੱਪ ਦੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਕੁਆਰਟਰ ਫਾਈਨਲ ‘ਚ ਆਸਟਰੇਲੀਆ ਦਾ ਮੁਕਾਬਲਾ 24 ਜਨਵਰੀ ਨੂੰ ਮਲੇਸ਼ੀਆ ਤੇ ਸਪੇਨ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਗੋਵਰਸ ਵੱਲੋਂ ਚੌਥੇ, 15ਵੇਂ, 19ਵੇਂ ਅਤੇ 20ਵੇਂ ਮਿੰਟ ‘ਚ ਕੀਤੇ ਗਏ ਗੋਲਾਂ ਦੀ ਮਦਦ ਨਾਲ ਆਸਟਰੇਲੀਆ ਨੇ ਪਹਿਲੇ ਅੱਧ ‘ਚ ਹੀ 7-1 ਨਾਲ ਵੱਡੀ ਲੀਡ ਲੈ ਲਈ ਸੀ। ਗੋਵਰਸ ਤੋਂ ਇਲਾਵਾ ਆਸਟਰੇਲੀਆ ਲਈ ਟੌਮ ਕ੍ਰੇਗ ਨੇ 10ਵੇਂ, ਜੇਕ ਹਾਰਵੀ ਨੇ 22ਵੇਂ, ਡੈਨੀਅਲ ਬੈਲੇ ਨੇ 28ਵੇਂ, ਜੈਰੇਮੀ ਹੇਵਰਡ ਨੇ 32ਵੇਂ ਅਤੇ ਟਿਮ ਬ੍ਰਾਂਡ ਨੇ 47ਵੇਂ ਮਿੰਟ ‘ਚ ਗੋਲ ਕੀਤੇ। ਦੱਖਣੀ ਅਫਰੀਕਾ ਲਈ ਨਤੁਲੀ ਨਕੋਬਿਲੇ ਨੇ 8ਵੇਂ ਅਤੇ ਕੇ. ਟੇਵਿਨ ਨੇ 58ਵੇਂ ਮਿੰਟ ‘ਚ ਗੋਲ ਕੀਤੇ। ਪੂਲ ਏ ਦੇ ਇਕ ਹੋਰ ਮੈਚ ‘ਚ ਅਰਜਨਟੀਨਾ ਅਤੇ ਫਰਾਂਸ ਵਿਚਾਲੇ ਮੈਚ 5-5 ਨਾਲ ਡਰਾਅ ਰਿਹਾ। ਪੂਲ ‘ਚ ਅਰਜਨਟੀਨਾ ਪੰਜ ਅੰਕਾਂ ਨਾਲ ਦੂਜੇ ਸਥਾਨ ਅਤੇ ਫਰਾਂਸ ਚਾਰ ਅੰਕਾਂ ਨਾਲ ਤੀਜੇ ਸਥਾਨ ‘ਤੇ ਰਿਹਾ। ਅਰਜਨਟੀਨਾ 22 ਜਨਵਰੀ ਨੂੰ ਆਪਣੇ ਕਰਾਸਓਵਰ ਮੈਚ ‘ਚ ਪੂਲ ਬੀ ‘ਚੋਂ ਤੀਜੇ ਸਥਾਨ ਦੀ ਟੀਮ ਨਾਲ ਭਿੜੇਗਾ, ਜਦਕਿ ਫਰਾਂਸ 23 ਜਨਵਰੀ ਨੂੰ ਪੂਲ ਬੀ ‘ਚ ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨਾਲ ਖੇਡੇਗਾ। ਵਿਕਟਰ ਚਾਰਲੇਟ ਨੇ ਫਰਾਂਸ ਲਈ 36ਵੇਂ, 38ਵੇਂ 48ਵੇਂ ਅਤੇ 60ਵੇਂ ਮਿੰਟ ‘ਚ ਚਾਰ ਗੋਲ ਕੀਤੇ। ਟੀਮ ਲਈ ਪੰਜਵਾਂ ਗੋਲ ਟਾਇਨੇਵੇਜ਼ ਏਟੀਨੇ ਨੇ 11ਵੇਂ ਮਿੰਟ ‘ਚ ਕੀਤਾ। ਅਰਜਨਟੀਨਾ ਲਈ ਨਿਕੋਲਸ ਡੇਲਾ ਟੋਰੇ ਨੇ 34ਵੇਂ, 42ਵੇਂ ਅਤੇ 60ਵੇਂ ਮਿੰਟ ‘ਚ ਤਿੰਨ ਗੋਲ ਦਾਗੇ। ਬਾਕੀ ਦੋ ਗੋਲ ਕੀਨਨ ਨਿਕੋਲਸ ਤੇ ਮਾਰਟਿਨ ਫੇਰੇਰੋ ਨੇ ਕੀਤੇ। ਇਸੇ ਤਰ੍ਹਾਂ ਪੂਲ ਬੀ ਦੇ ਇਕ ਮੈਚ ‘ਚ ਬੂਨ ਟੌਮ ਦੇ ਪੰਜ ਗੋਲਾਂ ਦੀ ਬਦੌਲਤ ਬੈਲਜੀਅ ਨੇ ਜਾਪਾਨ ਨੂੰ 7-1 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਬੈਲਜੀਅਮ ਲਈ ਬਾਕੀ ਦੋ ਗੋਲ ਚਾਰਲੀਅਰ ਕੈਡਰਿਕ ਅਤੇ ਡੋਕੀਅਰ ਸੇਬੈਸਟੀਅਨ ਨੇ ਕੀਤੇ। ਜਾਪਾਨ ਲਈ ਇਕੋ-ਇਕ ਗੋਲ ਫੁਕੂਦਾ ਕੇਂਤਾਰੋ ਨੇ ਕੀਤਾ। ਪੂਲ ਬੀ ਦੇ ਇਕ ਹੋਰ ਮੈਚ ‘ਚ ਜਰਮਨੀ ਨੇ ਕੋਰੀਆ ਨੂੰ 7-2 ਨਾਲ ਮਾਤ ਦਿੱਤੀ।