ਗੁਜਰਾਤ ਦੇ ਦੁਨੀਆਂ ਭਰ ‘ਚ ਜਾਣੇ ਜਾਂਦੇ ਬਿਲਕੀਸ ਬਾਨੋ ਸਮੂਹਿਕ ਜਬਰ-ਜਨਾਹ ਕੇਸ ਦੇ 11 ਦੋਸ਼ੀਆਂ ਵਿੱਚੋਂ ਇਕ ਮਿਤੇਸ਼ ਚਿਮਨਲਾਲ ਭੱਟ, ਜਿਸ ਨੂੰ ਜੇਲ੍ਹ ਵਿੱਚ ‘ਚੰਗੇ ਵਤੀਰੇ’ ਲਈ ਸਮੇਂ ਤੋਂ ਪਹਿਲਾਂ ਰਿਹਾਅ ਕੀਤਾ ਗਿਆ ਹੈ, ਉੱਤੇ ਜੂਨ 2020 ‘ਚ ਪੈਰੋਲ ਦੌਰਾਨ ਮਹਿਲਾ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਇਹ ਖੁਲਾਸਾ ਗੁਜਰਾਤ ਸਰਕਾਰ ਵੱਲੋਂ ਸੁਪਰੀਮ ਕੋਰਟ ‘ਚ ਦਾਇਰ ਹਲਫ਼ਨਾਮੇ ਨਾਲ ਨੱਥੀ ਦਸਤਾਵੇਜ਼ਾਂ ਤੋਂ ਹੋਇਆ ਹੈ। ਇਨ੍ਹਾਂ ਦਸਤਾਵੇਜ਼ਾਂ ਮੁਤਾਬਕ ਗੁਜਰਾਤ ਸਰਕਾਰ ਵੱਲੋਂ ਭੱਟ ਸਣੇ ਬਿਲਕੀਸ ਬਾਨੋ ਕੇਸ ਦੇ 11 ਦੋਸ਼ੀਆਂ ਨੂੰ ਰਿਹਾਅ ਕਰਨ ਦੀ ਤਜਵੀਜ਼ ‘ਤੇ ਗੌਰ ਕਰਨ ਮੌਕੇ ਜ਼ਿਲ੍ਹੇ ਦੇ ਐੱਸ.ਪੀ. ਨੇ ਦਾਹੋਦ ਦੇ ਜ਼ਿਲ੍ਹਾ ਮੈਜਿਸਟਰੇਟ ਨੂੰ ਪੈਰੋਲ ‘ਤੇ ਰਿਹਾਈ ਦੌਰਾਨ ਭੱਟ ਖ਼ਿਲਾਫ਼ ਦਰਜ ਕੇਸ ਬਾਰੇ ਸੂਚਿਤ ਕੀਤਾ ਸੀ। ਰਾਧਿਕਾਪੁਰ ਪੁਲੀਸ ਨੇ ਭੱਟ (57) ਖ਼ਿਲਾਫ਼ ਜੂਨ 2020 ‘ਚ ਆਈ.ਪੀ.ਸੀ. ਦੀਆਂ ਧਾਰਾਵਾਂ 354, 504 ਤੇ 506 (2) ਤਹਿਤ ਕੇਸ ਦਰਜ ਕੀਤਾ ਸੀ। ਮਗਰੋਂ ਕੇਸ ਵਿੱਚ ਚਾਰਜਸ਼ੀਟ ਵੀ ਦਾਖ਼ਲ ਕੀਤੀ ਗਈ ਤੇ ਕੇਸ ਦੀ ਸੁਣਵਾਈ ਬਕਾਇਆ ਸੀ। ਇਸ ਸਾਲ 25 ਮਈ ਤੱਕ ਭੱਟ ਨੇ ‘ਬਿਲਕੀਸ ਬਾਨੋ ਕੇਸ’ ਵਿੱਚ ‘945 ਪੈਰੋਲ ਤੇ ਫਰਲੋ ਛੁੱਟੀਆਂ ਦਾ ਆਨੰਦ’ ਲਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2020 ‘ਚ ਐੱਫ.ਆਈ.ਆਰ. ਦਰਜ ਹੋਣ ਦੇ ਬਾਵਜੂਦ ਭੱਟ 281 ਦਿਨਾਂ ਲਈ ਜੇਲ੍ਹ ਵਿੱਚੋਂ ਬਾਹਰ ਰਿਹਾ। ਐੱਫ.ਆਈ.ਆਰ. ਤੇ ਪੁਲੀਸ ਕੋਲ ਦਰਜ ਸ਼ਿਕਾਇਤ ‘ਚ ਭੱਟ ‘ਤੇ ਪੈਰੋਲ ਦੌਰਾਨ ‘ਗਵਾਹਾਂ ਨੂੰ ਧਮਕਾਉਣ ਤੇ ਤੰਗ ਪ੍ਰੇਸ਼ਾਨ ਕਰਨ’ ਅਤੇ ‘ਮਹਿਲਾ ਨਾਲ ਬਲਾਤਕਾਰ’ ਕਰਨ ਦੇ ਦੋਸ਼ ਲਾਏ ਗਏ ਸਨ, ਜੋ ਕਿ ਗੁਜਰਾਤ ਸਰਕਾਰ ਵੱਲੋਂ ਦਿੱਤੇ ‘ਚੰਗੇ ਵਤੀਰੇ’ ਦੇ ਤਰਕ ਦੇ ਬਿਲਕੁਲ ਉਲਟ ਹੈ। ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ ‘ਚ ਦਾਇਰ ਹਲਫ਼ਨਾਮੇ ‘ਚ ਦਾਅਵਾ ਕੀਤਾ ਸੀ ਕਿ ਉਸ ਨੇ ਬਿਲਕੀਸ ਬਾਨੋ ਕੇਸ ਦੇ 11 ਦੋਸ਼ੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੇਂਦਰੀ ਗ੍ਰਹਿ ਮੰਤਰਾਲੇ ਦੀ ਪ੍ਰਵਾਨਗੀ ਨਾਲ ਲਿਆ ਸੀ। ਸੁਪਰੀਮ ਕੋਰਟ ਨੇ ਸੂਬਾ ਸਰਕਾਰ ਦੇ ਹਲਫ਼ਨਾਮੇ ਨੂੰ ‘ਵੱਡ ਆਕਾਰੀ’ ਦੱਸਦਿਆਂ ਤੱਥਾਂ ਤੋਂ ਵਿਹੂਣਾ ਕਰਾਰ ਦਿੱਤਾ ਸੀ। ਇਸ ਸਾਲ 15 ਅਗਸਤ ਨੂੰ ‘ਆਜ਼ਾਦੀ ਦਿਹਾੜੇ’ ਮੌਕੇ ਰਿਹਾਅ ਕੀਤੇ ਇਨ੍ਹਾਂ ਦੋਸ਼ੀਆਂ ਦਾ ਜੇਲ੍ਹ ਦੇ ਬਾਹਰ ਗ਼ਲਾਂ ‘ਚ ਹਾਰ ਪਾ ਕੇ ਤੇ ਮਠਿਆਈਆਂ ਵੰਡ ਕੇ ਨਾਇਕਾਂ ਵਾਂਗ ਸਵਾਗਤ ਕੀਤਾ ਗਿਆ ਸੀ।