ਮੈਕਸੀਕਨ ਸ਼ਹਿਰ ਇਰਾਪੁਆਟੋ ਦੇ ਇਕ ਬਾਰ ‘ਤੇ ਅਣਪਛਾਤੇ ਬੰਦੂਕਧਾਰੀਆਂ ਨੇ ਫਾਇਰਿੰਗ ਕਰ ਦਿੱਤੀ ਜਿਸ ‘ਚ 6 ਔਰਤਾਂ ਸਣੇ 12 ਜਣਿਆਂ ਦੀ ਮੌਤ ਹੋ ਗਈ ਹੈ। ਗੁਆਨਾਜੁਆਟੋ ਰਾਜ ‘ਚ ਇਕ ਮਹੀਨੇ ਤੋਂ ਵੀ ਘੱਟ ਸਮੇਂ ‘ਚ ਇਹ ਦੂਜਾ ਸਮੂਹਿਕ ਕਤਲ ਹੈ। ਸ਼ਹਿਰ ਦੇ ਪ੍ਰਸ਼ਾਸਨ ਨੇ ਟਵਿੱਟਰ ‘ਤੇ ਪੋਸਟ ਕੀਤੇ ਇਕ ਬਿਆਨ ‘ਚ ਕਿਹਾ ਕਿ ਸੁਰੱਖਿਆ ਕਰਮਚਾਰੀ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ, ਜਿੱਥੇ ਪੈਰਾਮੈਡਿਕਸ ਨੇ ਤਿੰਨ ਜ਼ਖਮੀ ਲੋਕਾਂ ਦਾ ਇਲਾਜ ਕੀਤਾ ਅਤੇ ਛੇ ਪੁਰਸ਼ਾਂ ਅਤੇ ਛੇ ਔਰਤਾਂ ਦੀ ਮੌਤ ਦੀ ਪੁਸ਼ਟੀ ਕੀਤੀ। ਸੁਰੱਖਿਆ ਅਧਿਕਾਰੀ ਹਮਲਾਵਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਖ਼ਬਰ ਮੁਤਾਬਕ 12 ਲੋਕਾਂ ਨੂੰ ਗੋਲੀ ਮਾਰਨ ਦੇ ਪਿੱਛੇ ਦਾ ਮਕਸਦ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ। ਜਦੋਂ ਕਿ ਪਹਿਲਾਂ ਸ਼ਹਿਰ ਦੇ ਅਧਿਕਾਰੀਆਂ ਦੁਆਰਾ ਇਕ ਸ਼ੁਰੂਆਤੀ ਬਿਆਨ ‘ਚ ਮਰਨ ਵਾਲਿਆਂ ਦੀ ਗਿਣਤੀ 11 ਦੱਸੀ ਗਈ ਸੀ। ਇਹ ਘਟਨਾ ਦੱਖਣ-ਪੱਛਮੀ ਮੈਕਸੀਕੋ ‘ਚ ਗੋਲੀਬਾਰੀ ਦੀ ਇਕ ਘਾਤਕ ਘਟਨਾ ‘ਚ 18 ਲੋਕਾਂ ਦੇ ਮਾਰੇ ਜਾਣ ਦੇ ਇਕ ਮਹੀਨੇ ਤੋਂ ਵੀ ਘੱਟ ਸਮੇਂ ਬਾਅਦ ਵਾਪਰੀ। ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ 2018 ਦੇ ਅੰਤ ‘ਚ ਮੈਕਸੀਕੋ ‘ਚ ਜਨਤਕ ਹਿੰਸਾ ਦੇ ਰਿਕਾਰਡ ਪੱਧਰ ਨੂੰ ਘਟਾਉਣ ਦਾ ਵਾਅਦਾ ਕੀਤਾ ਸੀ ਪਰ ਨਸ਼ਿਆਂ ਦੇ ਕਾਰੋਬਾਰ ‘ਚ ਲੱਗੇ ਗਰੋਹਾਂ ਦੀ ਹਿੰਸਾ ਨੂੰ ਰੋਕਣ ਲਈ ਉਨ੍ਹਾਂ ਨੂੰ ਸਖ਼ਤ ਸੰਘਰਸ਼ ਕਰਨਾ ਪੈ ਰਿਹਾ ਹੈ। ਹਾਲਾਂਕਿ ਮੈਕਸੀਕੋ ‘ਚ 2022 ‘ਚ ਹੱਤਿਆਵਾਂ ‘ਚ ਕੁਝ ਕਮੀ ਆਈ ਹੈ। ਲੋਪੇਜ਼ ਓਬਰਾਡੋਰ ਦੇ ਛੇ ਸਾਲਾਂ ਦੇ ਕਾਰਜਕਾਲ ‘ਚ ਮੈਕਸੀਕੋ ਦੇ ਆਧੁਨਿਕ ਇਤਿਹਾਸ ‘ਚ ਸਭ ਤੋਂ ਵੱਧ ਹਿੰਸਾ ਹੋਈ ਹੈ।