ਗੰਭੀਰ ਬਰਫ਼ੀਲੇ ਤੂਫ਼ਾਨ ਨੇ ਅਮਰੀਕਾ ‘ਚ ਭਾਰੀ ਤਬਾਹੀ ਮਚਾਈ ਹੈ ਅਤੇ ਮੌਤਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਇਸ ਕਾਰਨ ਪਿਛਲੇ 24 ਘੰਟਿਆਂ ‘ਚ ਲਗਪਗ 4,900 ਫਲਾਈਟਾਂ ਰੱਦ ਕੀਤੀਆਂ ਗਈਆਂ ਹਨ ਜਦੋਂ ਕਿ 4400 ਤੋਂ ਵੱਧ ਹੋਰ ਫਲਾਈਟਾਂ ਨੂੰ ਮੁੜ ਤੋਂ ਨਿਰਧਾਰਿਤ ਕੀਤਾ ਗਿਆ ਹੈ। ਫਲਾਈਟ ਟ੍ਰੈਕਿੰਗ ਸਰਵਿਸ ‘ਫਲਾਈਟ ਅਵੇਅਰ’ ਦੇ ਮੁਤਾਬਕ ਬੁੱਧਵਾਰ ਨੂੰ ਹੋਣ ਵਾਲੀਆਂ 3500 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਮਰੀਕਾ ਨੇ ਆਪਣੀਆਂ 60 ਫੀਸਦੀ ਉਡਾਣਾਂ ਯਾਨੀ 2500 ਤੋਂ ਵੱਧ ਰੱਦ ਕਰ ਦਿੱਤੀਆਂ ਸਨ। ਅਮਰੀਕਾ ਦੇ ਕਈ ਰਾਜ ਇਨ੍ਹੀਂ ਦਿਨੀਂ ਬਰਫੀਲੇ ਤੂਫਾਨ ਦੀ ਮਾਰ ਝੱਲ ਰਹੇ ਹਨ। ਇਸ ਕਾਰਨ ਹੁਣ ਤਕ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਮੀਡੀਆ ਰਿਪੋਰਟਾਂ ਮੁਤਾਬਕ 22 ਦਸੰਬਰ ਨੂੰ ਅਮਰੀਕਾ ‘ਚ ਬਰਫ਼ੀਲੇ ਤੂਫਾਨ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਸੀ ਜਿਸ ਤੋਂ ਬਾਅਦ ਹੁਣ ਤੱਕ ਕਰੀਬ 20,000 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਯੂ.ਐਸ. ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਨੇ ਕਿਹਾ ਹੈ ਕਿ ਉਹ ‘ਦੱਖਣ-ਪੱਛਮ ‘ਚ ਰੱਦ ਕਰਨ ਦੀ ਅਸਵੀਕਾਰਨ ਦਰ ਅਤੇ ਗਾਹਕ ਸੇਵਾ ਦੀ ਘਾਟ ਦੀਆਂ ਰਿਪੋਰਟਾਂ ਤੋਂ ਚਿੰਤਤ ਹੈ।’ ਰਾਸ਼ਟਰਪਤੀ ਜੋਅ ਬਾਇਡਨ ਨੇ ਟਵੀਟ ਕੀਤਾ, ‘ਛੁੱਟੀਆਂ ਦੇ ਆਲੇ-ਦੁਆਲੇ ਹਜ਼ਾਰਾਂ ਉਡਾਣਾਂ ਨੂੰ ਦੇਸ਼ ਭਰ ‘ਚ ਰੱਦ ਕਰ ਦਿੱਤਾ ਗਿਆ ਹੈ। ਸਾਡਾ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ ਕਿ ਏਅਰਲਾਈਨਾਂ ਨੂੰ ਜਵਾਬਦੇਹ ਠਹਿਰਾਇਆ ਜਾਵੇ।’