ਬੋਰਿਸ ਜਾਨਸਨ ਵੱਲੋਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਸ ਅਹੁਦੇ ਲਈ ਨਵੇਂ ਚਿਹਰੇ ਦੀ ਭਾਲ ਸ਼ੁਰੂ ਹੋ ਗਈ ਹੈ। ਨਵਾਂ ਪ੍ਰਧਾਨ ਮੰਤਰੀ ਚੁਣੇ ਜਾਣ ਤੱਕ ਬੋਰਿਸ ਹੀ ਇਸ ਅਹੁਦੇ ’ਤੇ ਕੰਮ ਦੇਖਦੇ ਰਹਿਣਗੇ। ਦਿਲਚਸਪ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਅਹੁਦੇ ਦੀ ਦੌਡ਼ ’ਚ ਭਾਰਤੀ ਮੂਲ ਦੇ ਮੈਂਬਰ ਪਾਰਲੀਮੈਂਟ ਵੀ ਸ਼ਾਮਲ ਹਨ ਜਿਨ੍ਹਾਂ ਦੀ ਗਿਣਤੀ ਇਕ ਦੋ ਨਹੀਂ ਸਗੋਂ ਤਿੰਨ ਹੈ। ਪ੍ਰਧਾਨ ਮੰਤਰੀ ਬਣਨ ਲਈ ਭਾਰਤੀ ਮੂਲ ਦੇ ਜਿਹਡ਼ੇ ਨਾਮ ਉੱਭਰ ਕੇ ਸਾਹਮਣੇ ਆਏ ਹਨ ਉਨ੍ਹਾਂ ’ਚ ਫਰੰਟ ਰਨਰ ਰਿਸ਼ੀ ਸੁਨਕ ਹਨ, ਜਿਨ੍ਹਾਂ ਬੋਰਿਸ ਤੋਂ ਕੁਝ ਘੰਟੇ ਪਹਿਲਾਂ ਹੀ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਇਸ ਤੋਂ ਇਲਾਵਾ ਦੌਡ਼ ’ਚ ਭਾਰਤੀ ਮੂਲ ਦੀਆਂ ਦੋ ਔਰਤਾਂ ਵੀ ਹਨ। ਪਹਿਲੀ ਮਹਿਲਾ ਪ੍ਰੀਤੀ ਪਟੇਲ ਇਸ ਵੇਲੇ ਬ੍ਰਿਟੇਨ ਦੀ ਗ੍ਰਹਿ ਸਕੱਤਰ ਹੈ ਅਤੇ ਪ੍ਰਧਾਨ ਮੰਤਰੀ ਅਹੁਦੇ ਲਈ ਉਹ ਵੀ ਆਪਣਾ ਦਾਅਵਾ ਪੇਸ਼ ਕਰ ਰਹੀ ਹੈ, ਹਾਲਾਂਕਿ ਉਹ ਅਜੇ ਤੱਕ ਖੁੱਲ੍ਹ ਕੇ ਸਾਹਮਣੇ ਨਹੀਂ ਆਈ ਹੈ। ਉਥੇ ਹੀ ਦੂਜੀ ਔਰਤ ਸੁਏਲਾ ਬ੍ਰੇਵਰਮੈਨ ਇਸ ਵੇਲੇ ਬ੍ਰਿਟਿਸ਼ ਕੈਬਨਿਟ ’ਚ ਅਟਾਰਨੀ ਜਨਰਲ ਹੈ। ਉਹ ਉਨ੍ਹਾਂ ਸ਼ੁਰੂਆਤੀ ਸੰਸਦ ਮੈਂਬਰਾਂ ਵਿੱਚੋਂ ਹੈ ਜਿਨ੍ਹਾਂ ਨੇ ਰਸਮੀ ਤੌਰ ’ਤੇ ਇਸ ਦੌਡ਼ ’ਚ ਹਿੱਸਾ ਲੈਣ ਦਾ ਐਲਾਨ ਕੀਤਾ ਹੈ। ਜਾਨਸਨ ਨੇ ਅਸਤੀਫ਼ਾ ਦੇਣ ਮਗਰੋਂ ਕਿਹਾ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੈ। ਉਨ੍ਹਾਂ ਕਿਹਾ, ‘ਇਹ ਦੁਨੀਆ ਦਾ ਸਭ ਤੋਂ ਵਧੀਆ ਅਹੁਦਾ ਸੀ, ਪਰ ਬ੍ਰੇਕ ਤਾਂ ਲੱਗਦੀ ਹੀ ਹੈ। ਮੈਂ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਦੇ ਪ੍ਰਧਾਨ ਸਰ ਗ੍ਰਾਹਮ ਬ੍ਰੈਡੀ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਨਵੇਂ ਨੇਤਾ ਦੀ ਚੋਣ ਦੀ ਪ੍ਰਕਿਰਿਆ ਹੁਣ ਸ਼ੁਰੂ ਹੋਣੀ ਚਾਹੀਦੀ ਹੈ। ਨਵੇਂ ਨੇਤਾ ਦੀ ਚੋਣ ਦਾ ਪ੍ਰੋਗਰਾਮ ਅਗਲੇ ਹਫ਼ਤੇ ਐਲਾਨਿਆ ਜਾਵੇਗਾ। ਮੈਂ ਕੰਮਕਾਜ ਦੇਖਣ ਲਈ ਇਕ ਕੈਬਨਿਟ ਦਾ ਗਠਨ ਕੀਤਾ ਹੈ। ਅਗਲੇ ਪ੍ਰਧਾਨ ਮੰਤਰੀ ਦੇ ਅਹੁਦਾ ਸੰਭਾਲਣ ਤੱਕ ਮੈਂ ਕੰਮਕਾਜ ਵੇਖਦਾ ਰੱਖਾਂਗਾ।’ ਜੇਕਰ ਕੋਈ ਭਾਰਤੀ ਮੂਲ ਦਾ ਸੰਸਦ ਮੈਂਬਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚਦਾ ਹੈ ਤਾਂ ਇਹ ਇਤਿਹਾਸ ਸਿਰਜਣ ਤੇ ਮਾਣ ਵਾਲੀ ਗੱਲ ਹੋਵੇਗੀ।