ਬਾਰਬੋਰਾ ਕ੍ਰੇਜੀਕੋਵਾ ਨੇ ਡੁਬਈ ਓਪਨ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ ‘ਚ ਚੋਟੀ ਦਾ ਦਰਜਾ ਪ੍ਰਾਪਤ ਇਗਾ ਸਵੀਆਤੇਕ ਨੂੰ 6-4, 6-2 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਕ੍ਰੇਜੀਸਕੋਵਾ ਨੇ ਆਪਣੀ ਖ਼ਿਤਾਬੀ ਮੁਹਿੰਮ ਦੌਰਾਨ ਤਿੰਨੋਂ ਚੋਟੀ ਦਾ ਦਰਜਾ ਪ੍ਰਾਪਤ ਖਿਡਾਰਨਾਂ ਨੂੰ ਹਰਾਇਆ। ਉਸਨੇ ਕੁਆਰਟਰ ਫਾਈਨਲ ‘ਚ ਤੀਜੀ ਰੈਂਕਿੰਗ ਦੀ ਜੈਸਿਕਾ ਪੇਗੁਲਾ ਨੂੰ, ਸੈਮੀਫਾਈਨਲ ‘ਚ ਦੂਜੀ ਰੈਂਕ ਦੀ ਆਰੀਨਾ ਸਬਾਲੇਨਕਾ ਨੂੰ ਅਤੇ ਫਾਈਨਲ ‘ਚ ਪੋਲੈਂਡ ਦੀ ਸਵੀਆਤੇਕ ਨੂੰ ਹਰਾਇਆ। ਕ੍ਰੇਜੀਸਕੋਵਾ ਨੇ ਦੂਜੇ ਦੌਰ ‘ਚ ਅੱਠਵੀਂ ਰੈਂਕਿੰਗ ਦੀ ਦਾਰੀਆ ਕਾਸਤਕਿਨਾ ਨੂੰ ਵੀ ਹਰਾਇਆ। ਕ੍ਰੇਜਸਿਕੋਵਾ ਓਪਨ ਦੌਰ ਦੀ ਪੰਜਵੀਂ ਮਹਿਲਾ ਹੈ ਜਿਸ ਨੇ ਵਿਸ਼ਵ ਦੀਆਂ ਚੋਟੀ ਦੀਆਂ ਤਿੰਨ ਖਿਡਾਰਨਾਂ ਨੂੰ ਇਕੋ ਟੂਰਨਾਮੈਂਟ ‘ਚ ਹਰਾਇਆ ਹੈ। ਸਾਬਕਾ ਫ੍ਰੈਂਚ ਓਪਨ ਚੈਂਪੀਅਨ ਨੇ ਖਿਤਾਬ ਜਿੱਤਣ ਤੋਂ ਬਾਅਦ ਖੁਸ਼ੀ ‘ਚ ਆਪਣਾ ਬਿਆਨ ਦਿੱਤਾ। ਉਸ ਨੇ ਕਿਹਾ, ‘ਇਹ ਇਕ ਵੱਡੀ ਪ੍ਰਾਪਤੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਸ ਨਾਲ ਮੈਨੂੰ ਬਹੁਤ ਆਤਮਵਿਸ਼ਵਾਸ ਮਿਲੇਗਾ ਕਿ ਮੈਂ ਬਿਹਤਰੀਨ ਖਿਡਾਰੀਆਂ ਨਾਲ ਮੁਕਾਬਲਾ ਕਰ ਸਕਦੀ ਹਾਂ।’ ਉਸਨੇ ਆਪਣਾ ਪਿਛਲਾ ਖਿਤਾਬ ਵੀ ਪਿਛਲੇ ਸਾਲ ਅਕਤੂਬਰ ‘ਚ ਓਸਟ੍ਰਾਵਾ ਓਪਨ ‘ਚ ਸਵੀਆਤੇਕ ਨੂੰ ਹਰਾ ਕੇ ਜਿੱਤਿਆ ਸੀ।