ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਦੇ ਹੈਦਰਗਡ਼੍ਹ ਖੇਤਰ ’ਚ ਪੂਰਵਾਂਚਲ ਐਕਸਪ੍ਰੈੱਸਵੇਅ ’ਤੇ ਸੋਮਵਾਰ ਸਵੇਰੇ ਸਡ਼ਕ ਕਿਨਾਰੇ ਖਡ਼੍ਹੀ ਇਕ ਇਕ ਡਬਲ ਡੈਕਰ ਬੱਸ ਨੂੰ ਇਕ ਹੋਰ ਤੇਜ਼ ਰਫਤਾਰ ਬੱਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਘੱਟੋ-ਘੱਟ 8 ਯਾਤਰੀਆਂ ਦੀ ਮੌਤ ਹੋ ਗਈ ਜਦਕਿ 20 ਦੇ ਕਰੀਬ ਯਾਤਰੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਲਖਨਊ ਦੇ ਟਰਾਮਾ ਸੈਂਟਰ ’ਚ ਦਾਖਲ ਕਰਵਾਇਆ ਗਿਆ ਹੈ। ਕੁਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਜ਼ਖ਼ਮੀਆਂ ਦੇ ਢੁੱਕਵੇਂ ਇਲਾਜ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਟਵੀਟ ਕੀਤਾ, ‘ਪੂਰਵਾਂਚਲ ਐਕਸਪ੍ਰੈੱਸਵੇਅ ’ਤੇ ਸਡ਼ਕ ਹਾਦਸੇ ’ਚ ਜਾਨੀ ਨੁਕਸਾਨ ਬਹੁਤ ਦੁੱਖਦਾਇਕ ਹੈ। ਰਾਹਤ ਅਤੇ ਬਚਾਅ ਕਾਰਜਾਂ ਿ’ਚ ਤੇਜ਼ੀ ਲਿਆਉਣ ਅਤੇ ਜ਼ਖਮੀਆਂ ਦੇ ਉਚਿਤ ਇਲਾਜ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਭਗਵਾਨ ਸ੍ਰੀ ਰਾਮ ਆਤਮਾਵਾਂ ਨੂੰ ਸ਼ਾਂਤੀ ਅਤੇ ਜ਼ਖ਼ਮੀਆਂ ਨੂੰ ਜਲਦ ਸਿਹਤਮੰਦ ਕਰਨ।’ ਪੁਲੀਸ ਸੂਤਰਾਂ ਨੇ ਦੱਸਿਆ ਕਿ ਬਿਹਾਰ ਦੇ ਦਰਭੰਗਾ ਤੋਂ ਕਰੀਬ 50 ਸਵਾਰੀਆਂ ਲੈ ਕੇ ਦਿੱਲੀ ਜਾ ਰਹੀ ਡਬਲ ਡੈਕਰ ਬੱਸ ਪੂਰਵਾਂਚਲ ਐਕਸਪ੍ਰੈੱਸਵੇਅ ’ਤੇ ਸਡ਼ਕ ਕਿਨਾਰੇ ਖਡ਼੍ਹੀ ਇਕ ਹੋਰ ਬੱਸ ਨਾਲ ਟਕਰਾ ਗਈ। ਇਸ ਹਾਦਸੇ ’ਚ ਬੱਸ ’ਚ ਬੈਠੇ ਯਾਤਰੀ ਜ਼ਖ਼ਮੀ ਹੋ ਗਏ। ਪੁਲੀਸ ਨੇ ਜ਼ਖ਼ਮੀ ਯਾਤਰੀਆਂ ਨੂੰ ਸਿਹਤ ਕੇਂਦਰ ’ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ 8 ਲੋਕਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜ਼ਖ਼ਮੀਆਂ ’ਚ ਬਿਹਾਰ ਦੇ ਸੀਤਾਮਡ਼੍ਹੀ ਅਤੇ ਮੁਜ਼ੱਫਰਨਗਰ ਦੇ 12 ਤੋਂ ਵੱਧ ਯਾਤਰੀ ਸ਼ਾਮਲ ਹਨ, ਜਿਨ੍ਹਾਂ ’ਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਟੱਕਰ ਮਾਰਨ ਵਾਲੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਫਰਾਰ ਹੋ ਗਏ। ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ।