ਇਕ ਮਹਿਲਾ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਪੰਜਾਬੀ ਮੂਲ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹਿਲਾ ਦਾ ਦੋਸ਼ ਹੈ ਕਿ ਉਸ ਨੇ ਟੋਰਾਂਟੋ ‘ਚ ਰਾਈਡ ਸ਼ੇਅਰਿੰਗ ਐਪ ਤੋਂ ਕਿਧਰੇ ਜਾਣ ਲਈ ਕਾਰ ਦੀ ਬੁਕਿੰਗ ਕੀਤੀ ਸੀ ਅਤੇ ਰਸਤੇ ‘ਚ ਅੱਖ ਲੱਗਣ ਦੌਰਾਨ ਉਸ ਦਾ ਜਿਨਸੀ ਸ਼ੋਸ਼ਣ ਹੋਇਆ। ਬਾਅਦ ‘ਚ ਪੁਲੀਸ ਨੇ ਹਰਪ੍ਰੀਤ ਸਿੰਘ ਬਰਾੜ ਨਾਂ ਦੇ ਇਸ 24 ਸਾਲਾ ਨੌਜਵਾਨ ਨੂੰ ਬਰੈਂਪਟਨ ਤੋਂ ਗ੍ਰਿਫ਼ਤਾਰ ਕੀਤਾ। ਪੁਲੀਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ 30 ਅਕਤੂਬਰ ਨੂੰ ਇਕ ਔਰਤ ਨੇ ਰਾਈਡ-ਸ਼ੇਅਰਿੰਗ ਐਪ ਤੋਂ ਕਿਤੇ ਜਾਣ ਲਈ ਬੁਕਿੰਗ ਕੀਤੀ। ਯਾਤਰਾ ਦੌਰਾਨ ਔਰਤ ਸੌਂ ਗਈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਯਾਤਰਾ ਦੌਰਾਨ ਉਸ ਦਾ ਕਥਿਤ ਤੌਰ ‘ਤੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਇਸ ਸਬੰਧ ‘ਚ ਗ੍ਰਿਫ਼ਤਾਰ ਕੀਤੇ ਗਏ ਹਰਪ੍ਰੀਤ ਬਰਾੜ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਗਿਆ ਹੈ। ਪੁਲੀਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਸ ਕਿਸਮ ਦੇ ਹੋਰ ਵੀ ਪੀੜਤ ਹੋ ਸਕਦੇ ਹਨ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕੋਈ ਇਸ ਸਬੰਧੀ ਜਾਣਕਾਰੀ ਦੇਣੀ ਚਾਹੁੰਦਾ ਹੋਵੇ ਤਾਂ ਉਹ ਪੁਲੀਸ ਨਾਲ ਸੰਪਰਕ ਕਰ ਸਕਦਾ ਹੈ।