ਬਰੈਂਪਟਨ ਵਿੱਚ ‘ਸ੍ਰੀ ਭਗਵਦ ਗੀਤਾ’ ਪਾਰਕ ਦੇ ਉਦਘਾਟਨ ਤੋਂ ਫੌਰੀ ਬਾਅਦ ਭੰਨ-ਤੋੜ ਦੀ ਖ਼ਬਰ ਸਾਹਮਣੇ ਆਉਣ ‘ਤੇ ਕੈਨੇਡਾ ਨੇ ਅਜਿਹੀ ਕਿਸੇ ਘਟਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਕਥਿਤ ਥਾਂ ਨੂੰ ਮੁਰੰਮਤ ਦੇ ਕੰਮ ਕੌਰਾਨ ਖਾਲੀ ਛੱਡ ਦਿੱਤਾ ਗਿਆ ਸੀ। ਇੰਡੀਆ ਵੱਲੋਂ ਘਟਨਾ ਦੀ ਨਿਖੇਧੀ ਕੀਤੇ ਜਾਣ ਅਤੇ ਬਰੈਂਪਟਨ ਸ਼ਹਿਰ ਦੇ ਪ੍ਰਸ਼ਾਸਨ ਨੂੰ ਇਸ ਸਬੰਧੀ ਫੌਰੀ ਕਾਰਵਾਈ ਕੀਤੇ ਜਾਣ ਦੀ ਬੇਨਤੀ ਦੇ ਕੁਝ ਸਮੇਂ ਬਾਅਦ ਅਧਿਕਾਰੀਆਂ ਦਾ ਇਹ ਬਿਆਨ ਸਾਹਮਣੇ ਆਇਆ ਹੈ। ਇਸ ਪਾਰਕ ਨੂੰ ਪਹਿਲਾਂ ਟ੍ਰਾਇਰਸ ਪਾਰਕ ਵਜੋਂ ਜਾਣਿਆ ਜਾਂਦਾ ਸੀ ਅਤੇ ਬਾਅਦ ‘ਚ ਇਸ ਦਾ ਨਾਮਕਰਨ ਸ੍ਰੀ ਭਗਵਦ ਗੀਤਾ ਪਾਰਕ ਕੀਤਾ ਗਿਆ। ਕੈਨੇਡਾ ‘ਚ ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਨੂੰ ਟਵੀਟ ਕੀਤਾ ਸੀ, ‘ਅਸੀਂ ਬਰੈਂਪਟਨ ‘ਚ ਸ੍ਰੀ ਭਗਵਦ ਗੀਤਾ ਪਾਰਕ ‘ਚ ਨਫ਼ਰਤੀ ਅਪਰਾਧ ਦੀ ਨਿਖੇਧੀ ਕਰਦੇ ਹਾਂ। ਅਸੀਂ ਕੈਨੇਡਾ ਦੇ ਅਧਿਕਾਰੀਆਂ ਤੇ ਪੀਲ ਪੁਲੀਸ ਨੂੰ ਮਾਮਲੇ ਦੀ ਜਾਂਚ ਕਰਕੇ ਸਾਜ਼ਿਸ਼ਘਾੜਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਬੇਨਤੀ ਕਰਦੇ ਹਾਂ।’ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਐਤਵਾਰ ਰਾਤ ਟਵਿੱਟਰ ‘ਤੇ ਇਸ ਮਾਮਲੇ ‘ਚ ਸਫ਼ਾਈ ਦਿੰਦਿਆਂ ਕਿਹਾ, ‘ਹੁਣੇ ਜਿਹੇ ਉਦਘਾਟਨ ਕੀਤੇ ਗਏ ਸ੍ਰੀ ਭਗਵਦ ਗੀਤਾ ਪਾਰਕ ‘ਚ ਭੰਨ-ਤੋੜ ਨਾਲ ਸਬੰਧਤ ਰਿਪੋਰਟ ਤੋਂ ਬਾਅਦ ਅਸੀਂ ਮਾਮਲੇ ‘ਚ ਜਾਂਚ ਲਈ ਫੌਰੀ ਕਾਰਵਾਈ ਕੀਤੀ। ਸਾਨੂੰ ਪਤਾ ਲੱਗਾ ਹੈ ਕਿ ਬਿਲਡਰ ਨੇ ਉਹ ਥਾਂ ਛੱਡ ਦਿੱਤੀ ਸੀ ਤਾਂ ਜੋ ਉਥੇ ਸ੍ਰੀ ਭਗਵਦ ਗੀਤਾ ਪਾਰਕ ਦੇ ਸਥਾਈ ਨਿਸ਼ਾਨ ਨੂੰ ਲਗਾਇਆ ਜਾ ਸਕੇ।’ ਪੀਲ ਰਿਜਨਲ ਪੁਲੀਸ ਨੇ ਵੀ ਕਿਹਾ ਕਿ ਪਾਰਕ ‘ਚ ਕਿਸੇ ਵੀ ਸਥਾਈ ਨਿਸ਼ਾਨ ਜਾਂ ਢਾਂਚੇ ਦੀ ਭੰਨ-ਤੋੜ ਦਾ ਕੋਈ ਸਬੂਤ ਨਹੀਂ ਹੈ। ਜ਼ਿਕਰਯੋਗ ਹੈ ਕਿ ਇੰਡੀਆ ਨੇ ਕੈਨੇਡਾ ‘ਚ ਆਪਣੇ ਨਾਗਰਿਕਾਂ ਨੂੰ ਨਫ਼ਰਤੀ ਅਪਰਾਧ, ਫਿਰਕੂ ਹਿੰਸਾ ਤੇ ਇੰਡੀਆ ਵਿਰੋਧੀ ਸਰਗਰਮੀਆਂ ਦਾ ਹਵਾਲਾ ਦਿੰਦਿਆਂ ਚੌਕਸ ਰਹਿਣ ਦੀ ਐਡਵਾਈਜ਼ਰੀ ਜਾਰੀ ਕੀਤੀ ਸੀ।