ਬਰੈਂਪਟਨ ਦੀ ਕਵੀਨ ਸਟਰੀਟ ਅਤੇ ਗੋਰ ਰੋਡ ਖੇਤਰ ‘ਚ ਇਕ ਟਰੈਕਟਰ ਟਰੇਲਰ ਦੀ ਕਈ ਹੋਰ ਵਾਹਨਾਂ ਨਾਲ ਟੱਕਰ ਹੋ ਗਈ। ਇਸ ਸੜਕ ਹਾਦਸੇ ‘ਚ ਇਕ ਔਰਤ ਦੀ ਮੌਤ ਹੋ ਗਈ ਜਦਕਿ 15 ਹੋਰ ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੀਲ ਪੁਲੀਸ ਮੁਤਾਬਕ ਸੜਕ ਹਾਦਸਾ ਸ਼ਨੀਵਾਰ ਸਵੇਰੇ ਵਾਪਰਿਆ। ਇਕ ਪੁਲੀਸ ਅਧਿਕਾਰੀ ਮੁਤਾਬਕ ਹਾਦਸਾ ਸਵੇਰੇ ਲਗਭਗ 12:03 ਵਜੇ ਵਾਪਰਿਆ ਜਿਸ ‘ਚ ਇਕ ਔਰਤ ਦੀ ਜਾਨ ਜਾਂਦੀ ਰਹੀ। ਪੁਲੀਸ ਦਾ ਕਹਿਣਾ ਹੈ ਕਿ ਟਰੈਕਟਰ-ਟਰੇਲਰ ਲਗਭਗ 10 ਹੋਰ ਵਾਹਨਾਂ ਨਾਲ ਟਕਰਾ ਗਿਆ ਜਿਨ੍ਹਾਂ ਨੂੰ ਕਵੀਨ ਸਟਰੀਟ ਈਸਟ ਅਤੇ ਗੋਰ ਰੋਡ ਦੇ ਚੌਕ ‘ਤੇ ਲਾਲ ਬੱਤੀ ‘ਤੇ ਰੋਕਿਆ ਗਿਆ ਸੀ। ਬਾਲਗ ਉਮਰ ਦੀ ਮਹਿਲਾ ਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਪੈਰਾਮੈਡਿਕਸ ਨੇ 15 ਹੋਰਾਂ ਨੂੰ ਵੱਖ-ਵੱਖ ਸੱਟਾਂ ਕਾਰਨ ਇਲਾਜ ਕੀਤਾ ਅਤੇ ਹਸਪਤਾਲ ਪਹੁੰਚਾਇਆ। ਇਨ੍ਹਾਂ ਜ਼ਖਮੀਆਂ ‘ਚੋਂ ਦੋ ਨੂੰ ਗੰਭੀਰ ਹਾਲਤ ‘ਚ ਟਰਾਮਾ ਸੈਂਟਰ ਲਿਜਾਇਆ ਗਿਆ। ਪੁਲੀਸ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ ਪਰ ਟਰੈਕਟਰ-ਟਰੇਲਰ ਦੇ ਡਰਾਈਵਰ ‘ਤੇ ਖਤਰਨਾਕ ਡਰਾਈਵਿੰਗ ਦੇ ਕਈ ਦੋਸ਼ ਲਗਾਏ ਗਏ ਹਨ। ਪੁਲੀਸ ਵੱਲੋਂ ਜਾਣਕਾਰੀ ਦਿੰਦਿਆਂ ਸਾਰਾਹ ਪੈਟਰਨ ਨੇ ਕਿਹਾ ਕਿ ਟਰੈਕਟਰ ਟਰੇਲਰ ਕਵੀਨ ਸਟਰੀਟ ‘ਤੇ ਪੱਛਮ ਵੱਲ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ। ਬਹੁਤ ਸਾਰੇ ਵਾਹਨ ਹਾਦਸੇ ਕਰਕੇ ਟੁੱਟ ਗਏ ਅਤੇ ਕਈ ਲੋਕ ਵਾਹਨਾਂ ਦੇ ਅੰਦਰ ਫਸ ਗਏ।