ਬ੍ਰਿਟੇਨ ਦੀ ਸਿੱਖ ਮੈਂਬਰ ਪਾਰਲੀਮੈਂਟ ਪ੍ਰੀਤ ਕੌਰ ਗਿੱਲ ਨੇ ਦੇਸ਼ ਦੇ ਮੰਤਰੀਆਂ ਨੂੰ ਪੱਤਰ ਲਿਖ ਕੇ ਸਿੱਖ ਵਿਰੋਧੀ ਨਫਰਤੀ ਅਪਰਾਧਾਂ ‘ਚ ਵਾਧੇ ‘ਤੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਬ੍ਰਿਟਿਸ਼ ਸਿੱਖਾਂ ਨਾਲ ਸਬੰਧਤ ਆਲ-ਪਾਰਟੀ ਪਾਰਲੀਮੈਂਟਰੀ ਗਰੁੱਪ ਆਨ ਬ੍ਰਿਟਿਸ਼ ਸਿੱਖਸ ਦੀ ਚੇਅਰਪਰਸਨ ਅਤੇ ਵਿਰੋਧੀ ਲੇਬਰ ਪਾਰਟੀ ਦੇ ਸੰਸਦ ਮੈਂਬਰ ਪ੍ਰੀਤ ਗਿੱਲ ਨੇ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਅਤੇ ਕਮਿਊਨਿਟੀ ਅਫੇਅਰਜ਼ ਮੰਤਰੀ ਸਾਈਮਨ ਕਲਾਰਕ ਨੂੰ ਪੱਤਰ ਲਿਖ ਕੇ ਮਾਰਚ 2022 ਨੂੰ ਖ਼ਤਮ ਹੋਏ ਸਾਲ ਦੌਰਾਨ ਨਫਰਤੀ ਅਪਰਾਧਾਂ ‘ਤੇ ਗ੍ਰਹਿ ਦਫਤਰ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਹੈ। ਉਸਨੇ ਟਵਿੱਟਰ ‘ਤੇ ਆਪਣਾ ਪੱਤਰ ਪੋਸਟ ਕੀਤਾ ਜਿਸ ‘ਚ ਲਿਖਿਆ ਕਿ ਮੈਂ ਇਨ੍ਹਾਂ ਨਵੇਂ ਅੰਕੜਿਆਂ ਤੋਂ ਬਹੁਤ ਚਿੰਤਤ ਹਾਂ। 2021-22 ‘ਚ ਸਿੱਖਾਂ ਵਿਰੁੱਧ 301 ਨਫ਼ਰਤੀ ਅਪਰਾਧ ਦਰਜ ਕੀਤੇ ਗਏ ਜੋ ਕਿ 2020 ‘ਚ ਦਰਜ 112 ਨਫ਼ਰਤੀ ਅਪਰਾਧਾਂ ਨਾਲੋਂ ਵੱਧ ਹਨ। ਗਿੱਲ ਨੇ ਆਪਣੇ ਪੱਤਰ ‘ਚ ਲਿਖਿਆ ਕਿ ਮੈਂ ਤੁਹਾਨੂੰ ਇਹ ਕਹਿਣ ਲਈ ਲਿਖ ਰਹੀ ਹਾਂ ਕਿ ਤੁਸੀਂ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ‘ਚ ਵਾਧੇ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰੋ ਅਤੇ ਏ.ਪੀ.ਪੀ.ਜੀ. ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਕੇ ਸਿੱਖ ਕੌਮ ਦੀ ਸੁਰੱਖਿਆ ਕਰੋ।