ਬ੍ਰਿਟੇਨ ਵਾਸੀ ਗਰਮੀ ਤੋਂ ਡਾਢੇ ਪ੍ਰੇਸ਼ਾਨ ਹਨ ਅਤੇ ਇਸ ਦੇ ਨਾਲ ਹੀ ਮਹਿੰਗਾਈ ਨੇ ਵੀ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਹੈ। ਪ੍ਰਚੂਨ ਮਹਿੰਗਾਈ ਪਿਛਲੇ 40 ਸਾਲਾਂ ਦੇ ਰਿਕਾਰਡ ਪੱਧਰ 9.4 ਫੀਸਦੀ ’ਤੇ ਪਹੁੰਚ ਗਈ ਹੈ। ਨੈਸ਼ਨਲ ਸਟੈਟਿਕਸ ਆਫਿਸ ਨੇ ਖਪਤਕਾਰ ਮੁੱਲ ’ਤੇ ਆਧਾਰਿਤ ਮਹਿੰਗਾਈ ਦੇ ਅੰਕਡ਼ੇ ਜਾਰੀ ਕਰਦੇ ਹੋਏ ਕਿਹਾ ਕਿ ਜੂਨ ਮਹੀਨੇ ’ਚ ਇਹ ਵਧ ਕੇ 9.4 ਫੀਸਦੀ ਹੋ ਗਈ। ਇਕ ਮਹੀਨਾ ਪਹਿਲਾਂ ਇਹ 9.1 ਫੀਸਦੀ ’ਤੇ ਸੀ। ਮਹਿੰਗਾਈ ਦਾ ਇਹ ਅੰਕਡ਼ਾ ਸਾਲ 1982 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਉਸ ਸਮੇਂ ਮਹਿੰਗਾਈ 11 ਫੀਸਦੀ ’ਤੇ ਪਹੁੰਚ ਗਈ ਸੀ। ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗ ਛਿਡ਼ ਜਾਣ ਤੋਂ ਬਾਅਦ ਸਪਲਾਈ ਚੇਨ ’ਤੇ ਅਸਰ ਪੈਣ ਨਾਲ ਬ੍ਰਿਟੇਨ ਸਮੇਤ ਕਈ ਦੇਸ਼ਾਂ ’ਚ ਮਹਿੰਗਾਈ ਇਕ ਵੱਡੀ ਸਮੱਸਿਆ ਬਣ ਕੇ ਉੱਭਰੀ ਹੈ। ਇਸ ਕਾਰਨ ਖਾਣ ਵਾਲੇ ਉਤਪਾਦਾਂ ਅਤੇ ਈਂਧਨ ਦੀਆਂ ਕੀਮਤਾਂ ਵੀ ਕਾਫੀ ਵਧ ਗਈਆਂ ਹਨ, ਜਿਸ ਨਾਲ ਆਮ ਜਨਜਵੀਨ ’ਤੇ ਬਹੁਤ ਡੂੰਘਾ ਅਸਰ ਪਿਆ ਹੈ। ਇਸ ਸਾਲ ਖੁਰਾਕ ਮਹਿੰਗਾਈ 9.8 ਫੀਸਦੀ ਤੱਕ ਵਧ ਚੁੱਕੀ ਹੈ ਜਦ ਕਿ ਪੈਟਰੋਲ ਅਤੇ ਡੀਜ਼ਲ ਦੇ ਰੇਟ ਬੀਤੇ ਸਾਲ ’ਚ 42.3 ਫੀਸਦੀ ਤੱਕ ਵਧ ਗਏ ਹਨ। ਵਧਦੀ ਮਹਿੰਗਾਈ ’ਤੇ ਕਾਬੂ ਪਾਉਣ ਲਈ ਬ੍ਰਿਟਿਸ਼ ਕੇਂਦਰੀ ਬੈਂਕ ਦੇ ਗਵਰਨਰ ਐਂਡ੍ਰਿਊ ਬੇਲੀ ਪਹਿਲਾਂ ਹੀ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਪ੍ਰਗਟਾ ਚੁੱਕੇ ਹਨ। ਦਸੰਬਰ 2021 ਤੋਂ ਹੁਣ ਤੱਕ ਬੈਂਕ ਆਫ ਇੰਗਲੈਂਡ ਪੰਜ ਵਾਰ ਵਿਆਜ ਦਰਾਂ ਵਧਾ ਚੁੱਕਾ ਹੈ। ਬ੍ਰਿਟੇਨ ਵਾਂਗ ਅਮਰੀਕੀ ਅਰਥਵਿਵਸਥਾ ਵੀ ਮਹਿੰਗਾਈ ਦੀ ਮਾਰ ਤੋਂ ਪੀਡ਼ਤ ਹੈ। ਅਮਰੀਕਾ ’ਚ ਮਹਿੰਗਾਈ ਜੂਨ ’ਚ 9.1 ਫੀਸਦੀ ਨਾਲ 4 ਦਹਾਕਿਆਂ ਦੇ ਰਿਕਾਰਡ ਪੱਧਰ ’ਤੇ ਪਹੁੰਚ ਚੁੱਕੀ ਹੈ।