ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੀ ਸਰਕਾਰ ‘ਚ ਕੈਬਨਿਟ ਮੰਤਰੀ ਗੇਵਿਨ ਵਿਲੀਅਮਸਨ ਨੇ ਆਪਣੇ ਸਹਿਯੋਗੀਆਂ ਨੂੰ ਧਮਕਾਉਣ ਦੇ ਲੱਗੇ ਦੋਸ਼ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਵਿਲੀਅਮਸਨ ਨੇ ਮੰਗਲਵਾਰ ਨੂੰ ਟਵਿੱਟਰ ‘ਤੇ ਦਿੱਤੇ ਗਏ ਅਸਤੀਫੇ ‘ਚ ਕਿਹਾ ਕਿ ਉਹ ਮੈਸੇਜ ਪ੍ਰਾਪਤਕਰਤਾ ਤੋਂ ਮੁਆਫੀ ਮੰਗ ਚੁੱਕੇ ਹਨ ਅਤੇ ਜਾਂਚ ਵਿਚ ਸਹਿਯੋਗ ਕਰ ਰਹੇ ਹਨ। ਉਨ੍ਹਾਂ ਨੇ ਦੂਸਰੀ ਘਟਨਾ ਵਿਚ ਧਮਕਾਉਣ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਉਨ੍ਹਾਂ ਨੇ ਲਿਖਿਆ ਕਿ ਮੈਂ ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦਾ ਹਾਂ ਪਰ ਇਹ ਵੀ ਜਾਣਦਾ ਹਾਂ ਕਿ ਇਹ ਸਰਕਾਰ ਵਲੋਂ ਕੀਤੇ ਜਾ ਰਹੇ ਚੰਗੇ ਕਾਰਜ਼ਾਂ ਪ੍ਰਤੀ ਬ੍ਰਿਟਿਸ਼ ਲੋਕਾਂ ਦਾ ਧਿਆਨ ਜਾ ਰਿਹਾ ਹੈ। ਇਸ ਲਈ ਮੈਂ ਸਰਕਾਰ ਤੋਂ ਹਟਣ ਦਾ ਫੈਸਲਾ ਲਿਆ ਹੈ ਜਿਸ ਨਾਲ ਮੈਂ ਸ਼ਿਕਾਇਤ ਦੀ ਪ੍ਰਕਿਰਿਆ ਦਾ ਪੂਰੀ ਤਰ੍ਹਾਂ ਨਾਲ ਪਾਲਣਾ ਕਰ ਸਕਾਂ ਅਤੇ ਕਿਸੇ ਵੀ ਗਲਤ ਕੰਮ ‘ਚ ਲੱਗੇ ਦੋਸ਼ਾਂ ‘ਚ ਖੁਦ ਨੂੰ ਨਿਰਦੋਸ਼ ਸਾਬਤ ਕਰ ਸਕਾਂ। ਸੂਨਕ ਨੇ ਕਿਹਾ ਕਿ ਉਨ੍ਹਾਂ ਨੇ ਦੁਖੀ ਮੰਨ ਨਾਲ ਵਿਲੀਅਮਸਨ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਰਿਪੋਰਟ ਮੁਤਾਬਕ ਵਿਲੀਅਮਸਨ ‘ਤੇ ਪਿਛਲੇ ਮਹੀਨੇ ਟੋਰੀ ਦੇ ਇਕ ਸਹਿਰਯੋਗੀ ਸੰਸਦ ਮੈਂਬਰ ਨੂੰ ਅਪਮਾਨਜਨਕ ਸੰਦੇਸ਼ ਭੇਜਣ ਅਤੇ ਰੱਖਿਆ ਸਕੱਤਰ ਦੇ ਰੂਪ ‘ਚ ਇਕ ਸੀਨੀਅਰ ਸਿਵਲ ਸੇਵਕ ਨੂੰ ਧਮਕੀ ਦੇਣ ਦਾ ਦੋਸ਼ ਲੱਗਾ ਹੈ। ਸੂਨਕ ਆਪਣੇ ਵਜ਼ਾਰਤੀ ਸਾਥੀ ਸਰ ਗੈਵਿਨ ਵਿਲੀਅਮਸਨ ਦੇ ਅਸਤੀਫੇ ਕਰਕੇ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਗਏ ਹਨ। ਵਿਲੀਅਮਸਨ, ਜੋ ਸੂਨਕ ਕੈਬਨਿਟ ‘ਚ ਰਾਜ ਮੰਤਰੀ ਹਨ, ਕੋਲ ਅਜੇ ਤੱਕ ਕੋਈ ਮੰਤਰਾਲਾ ਨਹੀਂ ਸੀ। ਵਿਰੋਧੀ ਧਿਰ ਨੇ ਵਿਲੀਅਮਸਨ ਦੀ ਵਜ਼ਾਰਤ ‘ਚ ਸ਼ਮੂਲੀਅਤ ਨੂੰ ਲੈ ਕੇ ਸੂਨਕ ਦੇ ਮਾੜੇ ਫੈਸਲੇ ਤੇ ਉਸਦੀ ਅਗਵਾਈ ‘ਤੇ ਸਵਾਲ ਖੜ੍ਹਾ ਕੀਤਾ ਹੈ। ਲੇਬਰ ਪਾਰਟੀ ਦੇ ਆਗੂ ਸਰ ਕੀਰ ਸਟਾਰਮਰ ਹਾਊਸ ਆਫ਼ ਕਾਮਨਜ਼ ‘ਚ ਹੋਣ ਵਾਲੇ ਹਫ਼ਤਾਵਾਰੀ ਪ੍ਰਧਾਨ ਮੰਤਰੀ ਨੂੰ ਸਵਾਲ ਦੌਰਾਨ ਇਸ ਮੁੱਦੇ ਨੂੰ ਲੈ ਕੇ ਸੂਨਕ ‘ਤੇ ਹੋਰ ਦਬਾਅ ਪਾ ਸਕਦੇ ਹਨ। ਵਿਲੀਅਮਸਨ ਦੇ ਰਵੱਈਏ ਨੂੰ ਲੇ ਕੇ ਪਿਛਲੇ ਇਕ ਹਫ਼ਤੇ ਤੋਂ ਰੌਲਾ ਪੈ ਰਿਹਾ ਹੈ। ਕੰਜ਼ਰਵੇਟਿਵ ਪਾਰਟੀ ਦੇ ਅਹੁਦਾ ਛੱਡ ਰਹੇ ਚੇਅਰਮੈਨ ਜੇਕ ਬੈਰੀ ਨੇ ਨਵਨਿਯੁਕਤ ਪ੍ਰਧਾਨ ਮੰਤਰੀ ਨੂੰ ਵਿਲੀਅਮਸਨ ਖ਼ਿਲਾਫ਼ ਆਈ ਸ਼ਿਕਾਇਤ ਬਾਰੇ 24 ਅਕਤੂਬਰ ਨੂੰ ਦੱਸਿਆ ਸੀ। ਵਿਲੀਅਮਸਨ ਨੂੰ ਠੀਕ ਅਗਲੇ ਦਿਨ ਸੂਨਕ ਕੈਬਨਿਟ ‘ਚ ਥਾਂ ਦਿੱਤੀ ਗਈ ਸੀ।