ਪਿਛਲੇ ਹਫਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਬੋਰਿਸ ਜਾਨਸਨ ਦੀ ਥਾਂ ਬ੍ਰਿਟੇਨ ’ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨੇਤਾ ਅਤੇ ਨਵੇਂ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ 5 ਸਤੰਬਰ ਨੂੰ ਕੀਤਾ ਜਾਵੇਗਾ। ਟੋਰੀ ਦੇ ਨਾਮ ਨਾਲ ਜਾਣੀ ਜਾਂਦੀ ਪਾਰਟੀ ਦੀ ਲੀਡਰਸ਼ਿਪ ਦੀ ਚੋਣ ਕਰਨ ਲਈ ਜ਼ਿੰਮੇਵਾਰ ਸੰਸਥਾ ਨੇ ਇਹ ਜਾਣਕਾਰੀ ਦਿੱਤੀ। ਨਵਾਂ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਥਾਂ ਲਵੇਗਾ। 1922 ਕਮੇਟੀ ਆਫ ਕੰਜ਼ਰਵੇਟਿਵ ਬੈਕਬੈਂਚ ਦੇ ਮੈਂਬਰਾਂ ਨੇ ਚੋਣਾਂ ਲਈ ਸਮਾਂ-ਸਾਰਣੀ ਅਤੇ ਨਿਯਮ ਤੈਅ ਕੀਤੇ ਹਨ। ਚੋਣਾਂ ਲਈ ਨਾਮਜ਼ਦਗੀਆਂ ਦੀ ਪ੍ਰਕਿਰਿਆ ਅਧਿਕਾਰਤ ਤੌਰ ’ਤੇ ਮੰਗਲਵਾਰ ਨੂੰ ਸ਼ੁਰੂ ਕਰਕੇ ਖ਼ਤਮ ਕੀਤੀ ਗਈ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਹੁਣ ਤੱਕ 11 ਲੋਕਾਂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਬ੍ਰਿਟਿਸ਼ ਭਾਰਤੀ ਮੂਲ ਦੇ ਸਾਬਕਾ ਕੈਬਨਿਟ ਮੰਤਰੀ ਰਿਸ਼ੀ ਸੁਨਕ ਅਤੇ ਵਿਦੇਸ਼ ਮੰਤਰੀ ਲਿਜ਼ ਟਰਸ ਕੰਜ਼ਰਵੇਟਿਵ ਪਾਰਟੀ ’ਚ ਬੋਰਿਸ ਜਾਨਸਨ ਦੀ ਥਾਂ ਲੈਣ ਦੀ ਦੌਡ਼ ’ਚ ਮੁੱਖ ਦਾਅਵੇਦਾਰ ਹਨ। 1922 ਕਮੇਟੀ ਦੇ ਚੇਅਰਮੈਨ ਸਰ ਗ੍ਰਾਹਮ ਬ੍ਰੈਡੀ ਨੇ ਕਿਹਾ, ‘ਯਕੀਨਨ 5 ਸਤੰਬਰ ਨੂੰ ਅਸੀਂ ਸਿੱਟਾ ਕੱਢਾਂਗੇ ਅਤੇ ਪਾਰਟੀ ਦੇ ਨਵੇਂ ਨੇਤਾ ਦੀ ਚੋਣ ਹੋਵੇਗੀ ਅਤੇ ਉਸ ਦਾ ਐਲਾਨ ਕੀਤਾ ਜਾਵੇਗਾ।’