ਭਾਰਤੀ ਮੂਲ ਦੀ ਇਕ ਔਰਤ ਅਤੇ ਉਸ ਦੇ ਦੋ ਛੋਟੇ ਬੱਚਿਆਂ ਦੀ ਪੂਰਬੀ ਇੰਗਲੈਂਡ ਦੇ ਨੌਰਥੈਂਪਟਨ ਖੇਤਰ ‘ਚ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਸਾਰੇ ਆਪਣੇ ਘਰ ‘ਚ ਗੰਭੀਰ ਸੱਟਾਂ ਨਾਲ ਜ਼ਖਮੀ ਪਾਏ ਗਏ ਸਨ। ਪੁਲੀਸ ਅਧਿਕਾਰੀਆਂ ਨੂੰ ਵੀਰਵਾਰ ਸਵੇਰੇ ਰਿਹਾਇਸ਼ੀ ਜਾਇਦਾਦ ‘ਤੇ ਬੁਲਾਇਆ ਗਿਆ। ਉਨ੍ਹਾਂ ਅਤੇ ਪੈਰਾਮੈਡਿਕਸ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਔਰਤ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੋ ਬੱਚਿਆਂ ਨੇ ਬਾਅਦ ‘ਚ ਹਸਪਤਾਲ ਵਿੱਚ ਦਮ ਤੋੜ ਦਿੱਤਾ। ਪੁਲੀਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਕਤਲ ਦੇ ਇਸ ਮਾਮਲੇ ‘ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਔਰਤ, ਜਿਸ ਦੀ ਸਥਾਨਕ ਤੌਰ ‘ਤੇ ਪਛਾਣ ਕੋਟਾਯਮ ਦੀ 40 ਸਾਲਾ ਮਲਿਆਲੀ ਨਰਸ ਵਜੋਂ ਹੋਈ ਹੈ। ਉਹ ਅਤੇ ਉਸ ਦਾ ਛੇ ਸਾਲਾ ਪੁੱਤਰ ਅਤੇ ਚਾਰ ਸਾਲ ਦੀ ਧੀ ਦੀ ਮੌਤ ਕੇਟਰਿੰਗ ਕਸਬੇ ‘ਚ ਉਨ੍ਹਾਂ ਦੇ ਘਰ ‘ਚ ਖੋਜੇ ਜਾਣ ਤੋਂ ਬਾਅਦ ਹੋਈ। ਔਰਤ ਦਾ ਪਤੀ ਮੰਨੇ ਜਾਣ ਵਾਲੇ 52 ਸਾਲਾ ਵਿਅਕਤੀ ਨੂੰ ਘਟਨਾ ਦੇ ਸਬੰਧ ‘ਚ ਹੱਤਿਆ ਦੇ ਸ਼ੱਕ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹ ਪੁਲੀਸ ਦੀ ਹਿਰਾਸਤ ‘ਚ ਹੈ। ਨੌਰਥੈਂਪਟਨਸ਼ਾਇਰ ਪੁਲੀਸ ਨੇ ਕਿਹਾ ਕਿ ਅਧਿਕਾਰੀ ਕੇਸ ਦੇ ਸਬੰਧ ‘ਚ ਕਿਸੇ ਹੋਰ ਦੀ ਭਾਲ ਨਹੀਂ ਕਰ ਰਹੇ ਹਨ। ਸਥਾਨਕ ਪੁਲਿਸਿੰਗ ਏਰੀਆ ਕਮਾਂਡਰ ਸੁਪਰਡੈਂਟ ਸਟੀਵ ਫ੍ਰੀਮੈਨ ਨੇ ਕਿਹਾ ਕਿ ਇਹ ਘਟਨਾ ਦੁਖਦਾਈ ਹੈ, ਪਰ ਮੈਂ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਇਸ ਮਾਮਲੇ ‘ਤੇ ਕੰਮ ਕਰਨ ਵਾਲੇ ਜਾਸੂਸਾਂ ਦੀ ਇਕ ਟੀਮ ਹੈ, ਜੋ ਇਸ ਔਰਤ ਅਤੇ ਦੋ ਬੱਚਿਆਂ ਨੂੰ ਇਨਸਾਫ ਦਿਵਾਉਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ। ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫੋਰੈਂਸਿਕ ਪੋਸਟਮਾਰਟਮ ਜਾਂਚ ਆਉਣ ਵਾਲੇ ਦਿਨਾਂ ‘ਚ ਹੋਵੇਗੀ, ਜਿਸ ਤੋਂ ਬਾਅਦ ਪੀੜਤਾਂ ਦੇ ਨਾਮ ਰਸਮੀ ਤੌਰ ‘ਤੇ ਜਾਰੀ ਕੀਤੇ ਜਾਣਗੇ। ਸਥਾਨਕ ਤੌਰ ‘ਤੇ ਕੇਟਰਿੰਗ ਜਨਰਲ ਹਸਪਤਾਲ ‘ਚ ਕੰਮ ਕਰਨ ਵਾਲੀ ਨਰਸ ਅਤੇ ਉਸਦੇ ਬੱਚਿਆਂ ਲਈ ਸ਼ਰਧਾਂਜਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਉਸਦਾ ਪਤੀ ਕਥਿਤ ਤੌਰ ‘ਤੇ ਇਕ ਹੋਟਲ ‘ਚ ਕੰਮ ਕਰਦਾ ਸੀ ਅਤੇ ਮੰਨਿਆ ਜਾਂਦਾ ਹੈ ਕਿ ਪਰਿਵਾਰ ਲਗਭਗ ਇਕ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਯੂ.ਕੇ. ‘ਚ ਹੈ। ਇਕ ਹੋਰ ਖ਼ਬਰ ਅਨੁਸਾਰ ਮ੍ਰਿਤਕ ਔਰਤ ਦਾ ਨਾਂ ਅੰਜੂ ਅਸ਼ੋਕ ਦੱਸਿਆ ਗਿਆ ਹੈ। ਉਸ ਦੇ ਬੱਚਿਆਂ ਦੇ ਨਾਂ 6 ਸਾਲਾ ਪੁੱਤਰ ਜੀਵਾ ਅਤੇ 4 ਸਾਲਾ ਧੀ ਜਾਹਨਵੀ ਹਨ।