ਯੂਰੋਪ ਦੇ ਬਹੁਤੇ ਮੁਲਕਾਂ ਵਾਂਗ ਬ੍ਰਿਟੇਨ ’ਚ ਵੀ ਲੋਕ ਇਸ ਵੇਲੇ ਝੁਲਸਾਉਣ ਵਾਲੀ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਰਾਜਧਾਨੀ ਲੰਡਨ ਦੇ ਕੁਝ ਹਿੱਸਿਆਂ ’ਚ ਰਾਤ 26 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਗਰਮ ਰਹਿੰਦੀ ਹੈ। ਬ੍ਰਿਟੇਨ ਦੇ ਮੌਸਮ ਵਿਭਾਗ ਨੇ ਰਾਜਧਾਨੀ ਲੰਡਨ ਸਮੇਤ ਮੱਧ, ਉੱਤਰੀ ਅਤੇ ਦੱਖਣ-ਪੂਰਬੀ ਇੰਗਲੈਂਡ ਦੇ ਖੇਤਰਾਂ ’ਚ ਤੇਜ਼ ਗਰਮੀ ਕਾਰਨ ਰੈੱਡ ਅਲਰਟ ਜਾਰੀ ਕੀਤਾ ਹੈ। ਅੰਦਾਜ਼ਾ ਲਗਾਇਆ ਗਿਆ ਹੈ ਕਿ ਤੇਜ਼ ਗਰਮੀ ਤੋਂ ਰਾਹਤ ਲੈਣ ਲਈ ਨਦੀਆਂ ਅਤੇ ਝੀਲਾਂ ’ਚ ਨਹਾਉਂਦੇ ਸਮੇਂ ਘੱਟੋ-ਘੱਟ ਪੰਜ ਲੋਕ ਡੁੱਬ ਗਏ। ਮੌਸਮ ਵਿਗਿਆਨੀ ਰੇਚਲ ਆਇਰਸ ਨੇ ਕਿਹਾ ਕਿ ਯੂ.ਕੇ. ’ਚ ਅਗਲੇ ਕੁਝ ਦਿਨ ਤੇਜ਼ ਗਰਮੀ ਪੈ ਸਕਦੀ ਹੈ। ਇੰਗਲੈਂਡ ਦੇ ਕੁਝ ਹਿੱਸਿਆਂ ’ਚ ਤਾਪਮਾਨ ਇਸ ਸਮੇਂ ਦੌਰਾਨ ਸੰਭਾਵਤ ਤੌਰ ’ਤੇ 41 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਜੇ ਇਹ ਹੋਰ ਵਧਦਾ ਹੈ ਤਾਂ ਇਹ ਇਕ ਰਿਕਾਰਡ ਹੋਵੇਗਾ। ਪਹਿਲੀ ਵਾਰ ਇੰਗਲੈਂਡ ’ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦੇਖਿਆ ਹੈ। ਰੇਚਲ ਆਇਰਸ ਮੁਤਾਬਕ ਕਡ਼ਾਕੇ ਦੀ ਗਰਮੀ ਕਾਰਨ ਕੁਝ ਸਡ਼ਕ ਮਾਰਗਾਂ ਨੂੰ ਬੰਦ ਕੀਤਾ ਜਾ ਸਕਦਾ ਹੈ ਜਦਕਿ ਟਰੇਨਾਂ ਅਤੇ ਉਡਾਣਾਂ ਨੂੰ ਵੀ ਰੱਦ ਕੀਤੇ ਜਾਣ ਦੀ ਸੰਭਾਵਨਾ ਹੈ। ਭਿਆਨਕ ਗਰਮੀ ਸਡ਼ਕਾਂ ’ਤੇ ਫਸੇ ਲੋਕਾਂ ਦੀ ਸਿਹਤ ਲਈ ਵੀ ਗੰਭੀਰ ਖਤਰਾ ਪੈਦਾ ਕਰ ਸਕਦੀ ਹੈ। ਪੂਰਬੀ ਇੰਗਲੈਂਡ ਦੇ ਸੂਫੋਕ ’ਚ ਵੱਧ ਤੋਂ ਵੱਧ ਤਾਪਮਾਨ 38.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਕਾਟਲੈਂਡ ਅਤੇ ਵੇਲਜ਼ ’ਚ ਵੀ ਤਾਪਮਾਨ ਬਹੁਤ ਜ਼ਿਆਦਾ ਸੀ।