ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਨੇ ਕਿਹਾ ਹੈ ਕਿ ਉਹ ਬ੍ਰਿਟੇਨ ਅਤੇ ਇੰਡੀਆ ਦੇ ਸਬੰਧਾਂ ਨੂੰ ਬਦਲ ਕੇ ਉਨ੍ਹਾਂ ਨੂੰ ਦੋ-ਪੱਖੀ ਬਣਾਉਣਾ ਚਾਹੁੰਦੇ ਹਨ ਤਾਂ ਜੋ ਬ੍ਰਿਟੇਨ ਦੇ ਵਿਦਿਆਰਥੀਆਂ ਅਤੇ ਕੰਪਨੀਆਂ ਨੂੰ ਇੰਡੀਆ ਤੱਕ ਪਹੁੰਚ ਮਿਲ ਸਕੇ। ਸਾਬਕਾ ਚਾਂਸਲਰ ਨੇ ਉੱਤਰੀ ਲੰਡਨ ‘ਚ ਪ੍ਰਵਾਸੀ ਸੰਗਠਨ ਕੰਜ਼ਰਵੇਟਿਵ ਫਰੈਂਡਜ਼ ਆਫ ਇੰਡੀਆ ਦੁਆਰਾ ਆਯੋਜਿਤ ਇਕ ਸਮਾਗਮ ‘ਚ ‘ਨਮਸਤੇ, ਸਲਾਮ, ਕੇਮ ਛੋ ਅਤੇ ਕਿੱਦਾਂ’ ਕਹਿ ਕੇ ਲੋਕਾਂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ‘ਚ ਜ਼ਿਆਦਾਤਰ ਬ੍ਰਿਟਿਸ਼ ਭਾਰਤੀਆਂ ਨੇ ਹਿੱਸਾ ਲਿਆ। ਉਨ੍ਹਾਂ ਹਿੰਦੀ ਭਾਸ਼ਾ ‘ਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਤੁਸੀਂ ਸਾਰੇ ਮੇਰੇ ਪਰਿਵਾਰ ਹੋ। ਸੀ.ਐਫ.ਆਈ.ਐਨ. ਦੀ ਕੋ-ਚੇਅਰ ਰੀਨਾ ਰੇਂਜਰ ਦੇ ਦੁਵੱਲੇ ਸਬੰਧਾਂ ‘ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਬ੍ਰਿਟੇਨ ਅਤੇ ਇੰਡੀਆ ਵਿਚਾਲੇ ਸਬੰਧ ਬਹੁਤ ਮਾਇਨੇ ਰੱਖਦੇ ਹਨ। ਅਸੀਂ ਦੋ ਦੇਸ਼ਾਂ ਵਿਚਕਾਰ ਇਕ ਪੁਲ ਵਾਂਗ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਬ੍ਰਿਟੇਨ ਨੂੰ ਇੰਡੀਆ ‘ਚ ਕੰਮ ਕਰਨ ਅਤੇ ਵੇਚਣ ਦੇ ਮੌਕਿਆਂ ਬਾਰੇ ਪਤਾ ਹੈ, ਪਰ ਅਸਲ ‘ਚ ਸਾਨੂੰ ਇਸ ਰਿਸ਼ਤੇ ਨੂੰ ਵੱਖਰੇ ਤਰੀਕੇ ਨਾਲ ਦੇਖਣ ਦੀ ਲੋੜ ਹੈ ਕਿਉਂਕਿ ਇਥੇ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਅਸੀਂ ਇਥੇ ਯੂ.ਕੇ. ‘ਚ ਇੰਡੀਆ ਤੋਂ ਸਿੱਖ ਸਕਦੇ ਹਾਂ। ਸੁਨਕ ਨੇ ਕਿਹਾ ਕਿ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਸਾਡੇ ਵਿਦਿਆਰਥੀਆਂ ਲਈ ਇੰਡੀਆ ਜਾ ਕੇ ਉਥੇ ਪੜ੍ਹਨਾ ਆਸਾਨ ਹੋਵੇ, ਸਾਡੀਆਂ ਕੰਪਨੀਆਂ ਅਤੇ ਭਾਰਤੀ ਕੰਪਨੀਆਂ ਲਈ ਇਕੱਠੇ ਕੰਮ ਕਰਨਾ ਆਸਾਨ ਹੋਵੇ ਕਿਉਂਕਿ ਇਹ ਸਿਰਫ ਇਕ-ਤਰਫਾ ਰਿਸ਼ਤਾ ਨਹੀਂ ਹੈ, ਇਹ ਦੋ-ਪੱਖੀ ਰਿਸ਼ਤਾ ਹੈ ਅਤੇ ਮੈਂ ਇਸ ਸਬੰਧ ‘ਚ ਅਜਿਹਾ ਬਦਲਾਅ ਲਿਆਉਣਾ ਚਾਹੁੰਦਾ ਹਾਂ।