ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਬਣਾਈ ਗਈ ਕਮੇਟੀ ਦੀ ਰਿਪੋਰਟ ਜਨਤਕ ਕਰਨ ਅਤੇ ਇਸ ‘ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਇੰਡੀਆ ਦੇ ਚੋਟੀ ਦੇ ਪਹਿਲਵਾਨ ਮੁੜ ਨਵੀਂ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਲਈ ਜਮ੍ਹਾਂ ਹੋ ਗਏ। ਪ੍ਰਦਰਸ਼ਨ ‘ਚ ਓਲੰਪਿਕ ਤਗ਼ਮਾ ਜੇਤੂ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਸਮੇਤ ਹੋਰ ਪਹਿਲਵਾਨ ਸ਼ਾਮਲ ਹਨ। ਪੁਲੀਸ ਦੀ ਭਾਰੀ ਨਫ਼ਰੀ ਨਾਲ ਘਿਰੇ ਪਹਿਲਵਾਨਾਂ ਨੇ ਇਹ ਵੀ ਮੰਗ ਕੀਤੀ ਕਿ ਪ੍ਰਧਾਨ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਜਾਵੇ ਜੋ ਆਪਣੇ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਜਨਵਰੀ ਤੋਂ ਨਕਾਰਦਾ ਆ ਰਿਹਾ ਹੈ ਜਦੋਂ ਪਹਿਲਵਾਨਾਂ ਨੇ ਫੈਡਰੇਸ਼ਨ ਨੂੰ ਭੰਗ ਕਰਨ ਦੀ ਮੰਗ ਕਰਦਿਆਂ ਪਹਿਲੀ ਵਾਰ ਜੰਤਰ-ਮੰਤਰ ‘ਤੇ ਧਰਨਾ ਦਿੱਤਾ ਸੀ। ਦੋਸ਼ਾਂ ਦੀ ਜਾਂਚ ਲਈ ਮੁੱਕੇਬਾਜ਼ ਮੇਰੀਕੋਮ ਦੀ ਅਗਵਾਈ ਹੇਠ ਬਣਾਈ ਗਈ ਛੇ ਮੈਂਬਰੀ ਕਮੇਟੀ ਨੇ ਅਪ੍ਰੈਲ ਦੇ ਪਹਿਲੇ ਹਫ਼ਤੇ ‘ਚ ਰਿਪੋਰਟ ਸੌਂਪ ਦਿੱਤੀ ਸੀ ਪਰ ਸਰਕਾਰ ਨੇ ਅਜੇ ਤੱਕ ਇਸ ਨੂੰ ਜਨਤਕ ਨਹੀਂ ਕੀਤਾ ਹੈ। ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਤਗ਼ਮਾ ਜੇਤੂ ਵਿਨੇਸ਼ ਨੇ ਸਵਾਲ ਕੀਤਾ, ‘ਸਰਕਾਰ ਨੂੰ ਕਮੇਟੀ ਦੀ ਰਿਪੋਰਟ ਜਨਤਕ ਕਰਨ ‘ਚ ਅਜੇ ਕਿੰਨਾ ਹੋਰ ਸਮਾਂ ਲੱਗੇਗਾ। ਪਹਿਲਾਂ ਹੀ ਤਿੰਨ ਮਹੀਨੇ ਹੋ ਚੁੱਕੇ ਹਨ ਅਤੇ ਅਸੀਂ ਸਰਕਾਰ ਦੀ ਅਜੇ ਵੀ ਉਡੀਕ ਕਰ ਰਹੇ ਹਾਂ। ਕੀ ਸ਼ਿਕਾਇਤ ਦੇਣ ਵਾਲੀਆਂ ਲੜਕੀਆਂ ਜਦੋਂ ਮਰ ਜਾਣਗੀਆਂ ਤਾਂ ਹੀ ਰਿਪੋਰਟ ਬਾਹਰ ਆਵੇਗੀ?’ ਉਸ ਨੇ ਕਿਹਾ ਕਿ ਪਹਿਲਵਾਨ ਰਿਪੋਰਟ ਦੇ ਤੱਥ ਜਨਤਕ ਕਰਨ ਲਈ ਸਰਕਾਰ ਨੂੰ ਆਖ ਆਖ ਕੇ ਥੱਕ ਚੁੱਕੇ ਹਨ। ‘ਅਸੀਂ ਕਨਾਟ ਪਲੇਸ ਦੇ ਪੁਲੀਸ ਥਾਣੇ ‘ਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ ਪਰ ਅਜੇ ਤੱਕ ਐੱਫ.ਆਈ.ਆਰ. ਦਰਜ ਨਹੀਂ ਹੋਈ ਹੈ। ਸਾਡਾ ਕੁਸ਼ਤੀ ਫੈਡਰੇਸ਼ਨ ਦੇ ਚੋਣ ਅਮਲ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਪੈਰਿਸ ਓਲੰਪਿਕਸ ਨੇੜੇ ਹਨ ਅਤੇ ਅਸੀਂ ਬਿਨਾਂ ਕਿਸੇ ਚਿੰਤਾ ਦੇ ਤਿਆਰੀਆਂ ਸ਼ੁਰੂ ਕਰਨਾ ਚਾਹੁੰਦੇ ਹਾਂ।’ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਵਜੋਂ 12 ਸਾਲ ਮੁਕੰਮਲ ਕਰਨ ਮਗਰੋਂ ਬ੍ਰਿਜ ਭੂਸ਼ਣ ਨੇ ਕਿਹਾ ਹੈ ਕਿ ਉਹ 7 ਮਈ ਨੂੰ ਹੋਣ ਵਾਲੀ ਚੋਣ ‘ਚ ਹਿੱਸਾ ਨਹੀਂ ਲੈਣਗੇ। ਉਂਜ ਉਸ ਨੇ ਸੰਕੇਤ ਦਿੱਤੇ ਹਨ ਕਿ ਉਹ ਕੌਮੀ ਫੈਡਰੇਸ਼ਨ ‘ਚ ਕਿਸੇ ਨਾ ਕਿਸੇ ਤਰ੍ਹਾਂ ਭੂਮਿਕਾ ਨਿਭਾਉਂਦਾ ਰਹੇਗਾ। ਵਿਨੇਸ਼ ਨੇ ਕਿਹਾ ਕਿ ਗੰਭੀਰ ਦੋਸ਼ ਲੱਗਣ ਮਗਰੋਂ ਵੀ ਸਾਰੇ ਜਾਣਦੇ ਹਨ ਕਿ ਫੈਡਰੇਸ਼ਨ ਕੌਣ ਚਲਾ ਰਿਹਾ ਹੈ। ‘ਸਾਡੇ ਕੋਲ ਸੱਚ ਦੀ ਤਾਕਤ ਹੈ ਪਰ ਸਾਨੂੰ ਜਾਪਦਾ ਹੈ ਕਿ ਇਹ ਢੁੱਕਵਾਂ ਨਹੀਂ ਹੈ। ਸਰਕਾਰ ਇੰਨਾ ਤਾਂ ਕਰ ਸਕਦੀ ਹੈ ਕਿ ਉਹ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼ਾਂ ‘ਤੇ ਕਾਰਵਾਈ ਕਰ ਸਕਦੀ ਹੈ। ਅਸੀਂ ਨਿਆਂ ਮੰਗ ਰਹੇ ਹਾਂ ਅਤੇ ਪ੍ਰਦਰਸ਼ਨ ਜਾਰੀ ਰੱਖਾਂਗੇ।’ ਰੀਓ ਓਲੰਪਿਕਸ ਦੀ ਤਗ਼ਮਾ ਜੇਤੂ ਸਾਕਸ਼ੀ ਮਲਿਕ ਨੇ ਕਿਹਾ ਕਿ ਪਹਿਲਵਾਨ ਜੰਤਰ-ਮੰਤਰ ਤੋਂ ਨਹੀਂ ਹਟਣਗੇ ਅਤੇ ਇਹ ਸੰਘਰਸ਼ ਰੁਕੇਗਾ ਨਹੀਂ। ਸਾਕਸ਼ੀ ਨੇ ਕਿਹਾ, ‘ਲੜਕੀਆਂ ਕਮੇਟੀ ਅੱਗੇ ਪੇਸ਼ ਹੋਈਆਂ ਸਨ ਪਰ ਰਿਪੋਰਟ ਨਹੀਂ ਆਈ ਹੈ। ਫੈਡਰੇਸ਼ਨ ਪਹਿਲਾਂ ਵਾਗ ਚੱਲ ਰਹੀ ਹੈ ਅਤੇ ਉਸ ਵੱਲੋਂ ਆਪਣੇ ਖ਼ਿੱਤੇ ‘ਚ ਮੁਕਾਬਲੇ ਕਰਵਾਏ ਜਾ ਰਹੇ ਹਨ। ਸ਼ਿਕਾਇਤ ਨਾਲ ਕੁਝ ਵੀ ਨਹੀਂ ਬਦਲਿਆ। ਪਹਿਲਾਂ ਜਦੋਂ ਅਸੀਂ ਪ੍ਰਦਰਸ਼ਨ ਕੀਤਾ ਸੀ ਤਾਂ ਸਾਡੇ ਨਾਲ ਵਾਅਦੇ ਕੀਤੇ ਗਏ ਸਨ ਪਰ ਉਨ੍ਹਾਂ ‘ਚੋਂ ਇਕ ਵੀ ਵਫ਼ਾ ਨਹੀਂ ਹੋਇਆ। ਦੋ ਦਿਨ ਪਹਿਲਾਂ ਇਕ ਨਾਬਾਲਿਗ ਸਮੇਤ ਸੱਤ ਲੜਕੀਆਂ ਨੇ ਕਨਾਟ ਪਲੇਸ ਪੁਲੀਸ ਸਟੇਸ਼ਨ ‘ਚ ਸ਼ਿਕਾਇਤ ਦਿੱਤੀ ਸੀ ਪਰ ਇਸ ਦੇ ਬਾਵਜੂਦ ਸਾਨੂੰ ਕੋਈ ਗੰਭੀਰਤਾ ਨਾਲ ਨਹੀਂ ਲੈ ਰਿਹਾ ਅਤੇ ਐੱਫ.ਆਈ.ਆਰ. ਦਰਜ ਨਹੀਂ ਹੋਈ। ਇਸ ਸਾਰੇ ਪਿੱਛੇ ਕੌਣ ਹੈ, ਅਸੀਂ ਨਹੀਂ ਜਾਣਦੇ ਕਿਉਂਕਿ ਅਜਿਹੇ ਗੰਭੀਰ ਮੁੱਦੇ ਫ਼ੌਰੀ ਆਧਾਰ ‘ਤੇ ਨਿਬੇੜੇ ਜਾਂਦੇ ਹਨ।’ ਬਜਰੰਗ ਨੇ ਕਿਹਾ ਕਿ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਨਾਲ ਖੜ੍ਹਨਾ ਸਾਡਾ ਨੈਤਿਕ ਫਰਜ਼ ਹੈ। ਉਸ ਨੇ ਕਿਹਾ, ‘ਜੇਕਰ ਅਸੀਂ ਉਨ੍ਹਾਂ ਨਾਲ ਨਹੀਂ ਖੜ੍ਹੇ ਹੋਵਾਂਗੇ ਤਾਂ ਹੋਰ ਕੌਣ ਖੜ੍ਹਾ ਹੋਵੇਗਾ।’ ਬਜਰੰਗ ਨੇ ਕਿਹਾ ਕਿ ਜੇਕਰ ਇਨਸਾਫ਼ ਲਈ ਉਸ ਦੀ ਜਾਨ ਵੀ ਚਲੀ ਗਈ ਤਾਂ ਉਹ ਇਸ ਤੋਂ ਪਿੱਛੇ ਨਹੀਂ ਹਟੇਗਾ।