ਨਵਾਂ ਸ਼ਹਿਰ ਨੇੜਲੀ ਬਲਾਚੌਰ ਸਬ-ਡਵੀਜ਼ਨ ਦੇ ਪਿੰਡ ਚਾਂਦਪੁਰ ਰੁੜਕੀ ‘ਚ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਬੁੱਤ ਸਥਾਪਤ ਕੀਤਾ ਗਿਆ ਹੈ ਜਿਸ ਤੋਂ ਪਰਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਹਟਾਇਆ। ਉਨ੍ਹਾਂ ਕਿਹਾ ਕਿ ਬ੍ਰਿਗੇਡੀਅਰ ਚਾਂਦਪੁਰੀ ਵੱਲੋਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰਾਖੀ ਲਈ ਦਿਖਾਈ ਬਹਾਦਰੀ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਆਪਾ ਵਾਰਨ ਵਾਸਤੇ ਪ੍ਰੇਰਦੀ ਰਹੇਗੀ। ਇਸ ਮੌਕੇ ਮੁੱਖ ਮੰਤਰੀ ਨੇ ਬ੍ਰਿਗੇਡੀਅਰ ਚਾਂਦਪੁਰੀ ਦੇ ਨਾਂ ‘ਤੇ ਬਣੇ ਪਾਰਕ ਅਤੇ ਮਿਊਜ਼ੀਅਮ ਦਾ ਵੀ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ 1971 ਦੀ ਭਾਰਤ-ਪਾਕਿ ਜੰਗ ਦੇ ਨਾਇਕ ਨੇ ਦੇਸ਼ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਸੀ। ਪੰਜਾਬੀਆਂ ਨੇ ਆਪਣੇ ਬਲਿਦਾਨ ਨਾਲ ਕੌਮੀ ਸੁਤੰਤਰਤਾ ਅੰਦੋਲਨ ‘ਚ ਵੱਡਾ ਯੋਗਦਾਨ ਪਾਇਆ। ਪੰਜਾਬੀ ਦੇਸ਼ ਦੀ ਆਜ਼ਾਦੀ ਬਰਕਰਾਰ ਰੱਖਣ ਲਈ ਕੁਰਬਾਨੀਆਂ ਦੇਣ ‘ਚ ਵੀ ਮੋਹਰੀ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ 1971 ‘ਚ ਪਾਕਿਸਤਾਨ ਨੇ ਭਾਰਤ ‘ਚ ਦਾਖ਼ਲ ਹੋਣ ਲਈ ਲੌਂਗੇਵਾਲਾ ਨੂੰ ਚੁਣਿਆ ਕਿਉਂਕਿ ਉਥੇ ਤਾਇਨਾਤ ਬ੍ਰਿਗੇਡੀਅਰ ਚਾਂਦਪੁਰੀ ਕੋਲ ਸਿਰਫ਼ 120 ਫੌਜੀ ਸਨ। ਹਾਲਾਤ ਭਾਰਤ ਦੇ ਪੱਖ ‘ਚ ਨਾ ਹੋਣ ਦੇ ਬਾਵਜੂਦ ਬ੍ਰਿਗੇਡੀਅਰ ਚਾਂਦਪੁਰੀ ਵੱਲੋਂ ਦਿਖਾਈ ਬਹਾਦਰੀ ਨਾਲ ਦੇਸ਼ ਜਿੱਤ ਦੇ ਰਾਹ ‘ਤੇ ਪੈ ਸਕਿਆ। ਮੁੱਖ ਮੰਤਰੀ ਨੇ ਕਿਹਾ ਕਿ ਮਹਾਨ ਸ਼ਹੀਦਾਂ ਵੱਲੋਂ ਦੇਖੇ ਸੁਫ਼ਨਿਆਂ ਦਾ ਸਮਾਜ ਸਿਰਜਣ ਲਈ ਸੂਬਾ ਸਰਕਾਰ ਵਚਨਬੱਧ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਲਾਕੇ ਦੇ ਕਿਸਾਨਾਂ ਦੀ ਸਹੂਲਤ ਲਈ ਕੰਢੀ ਨਹਿਰ ਨੂੰ ਛੇਤੀ ਹੀ ਚਾਲੂ ਕੀਤਾ ਜਾਵੇਗਾ। ਪਿੰਡ ਵਾਸੀਆਂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਡੱਲੇਵਾਲ ਤੋਂ ਚਾਂਦਪੁਰ ਰੁੜਕੀ ਸੜਕ ਨੂੰ 18 ਫੁੱਟ ਚੌੜੀ ਕਰਨ ਦਾ ਐਲਾਨ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਸੂਬੇ ਦੀ ਸ਼ਾਨ ਬਹਾਲ ਕਰਨੀ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਵੀ ਹੋਵੇ ਜਨਤਕ ਫੰਡ ਖੁਰਦ-ਬੁਰਦ ਕਰਨ ਵਾਲਿਆਂ ਨੂੰ ਗ਼ੁਨਾਹਾਂ ਦੀ ਸਜ਼ਾ ਭੁਗਤਣੀ ਪਵੇਗੀ।