ਜਕਾਰਤਾ (ਇੰਡੋਨੇਸ਼ੀਆ) ’ਚ ਇੱਕ ਤੇਲ ਟੈਂਕਰ ਦੇ ਬ੍ਰੇਕ ਫੇਲ੍ਹ ਹੋਣ ਕਾਰਨ ਉਸ ਦੀ ਕਾਰਾਂ ਅਤੇ ਬਾਈਕਾਂ ਨਾਲ ਟੱਕਰ ਹੋ ਗਈ। ਪੁਲੀਸ ਨੇ ਦੱਸਿਆ ਕਿ ਇਸ ਹਾਦਸੇ ’ਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖ਼ਮੀ ਹੋ ਗਏ। ਜਕਾਰਤਾ ਪੁਲੀਸ ਦੇ ਟਰੈਫ਼ਿਕ ਵਿਭਾਗ ਦੇ ਡਾਇਰੈਕਟਰ ਲਤੀਫ਼ ਓਸਮਾਨ ਨੇ ਦੱਸਿਆ ਕਿ ਇੰਡੋਨੇਸ਼ੀਆ ਦੀ ਸਰਕਾਰੀ ਊਰਜਾ ਕੰਪਨੀ ‘ਪਰਟਾਮਿਨਾ’ ਦਾ ਇਹ ਟੈਂਕਰ ਟਰੱਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ 2 ਕਾਰਾਂ ਅਤੇ 10 ਬਾਈਕਾਂ ਨਾਲ ਟਕਰਾ ਗਿਆ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਪੂਰਬੀ ਜਕਾਰਤਾ ਦੇ ਚਿਬੂਬਰ ਇਲਾਕੇ ’ਚ ਲਾਲ ਬੱਤੀ ’ਤੇ ਵਾਪਰਿਆ। ਉਨ੍ਹਾਂ ਕਿਹਾ ਕਿ ਅਧਿਕਾਰੀ ਅਜੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਪਰ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਟੈਂਕਰ ਟਰੱਕ ਉੱਚਾਈ ਤੋਂ ਹੇਠਾਂ ਉੱਤਰ ਰਿਹਾ ਸੀ, ਜਦੋਂ ਇਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ ਅਤੇ ਬੇਕਾਬੂ ਹੋ ਕੇ ਲਾਲ ਬੱਤੀ ’ਤੇ ਖਡ਼੍ਹੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਉਸਮਾਨ ਨੇ ਦੱਸਿਆ ਕਿ ਘੱਟੋ-ਘੱਟ 11 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 6 ਲੋਕਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਕੋਈ ਧਮਾਕਾ ਨਹੀਂ ਹੋਇਆ। ਹਾਦਸੇ ’ਚ ਟੈਂਕਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲੀਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਊਰਜਾ ਕੰਪਨੀ ‘ਪਰਟਾਮਿਨਾ’ ਦਾ ਕਹਿਣਾ ਹੈ ਕਿ ਉਹ ਪੀਡ਼ਤਾਂ ਦੇ ਇਲਾਜ ’ਚ ਮਦਦ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ’ਚ ਅਧਿਕਾਰੀਆਂ ਨਾਲ ਸਹਿਯੋਗ ਕਰ ਰਹੀ ਹੈ।