ਸਿਆਸਤ ਦੇ ਬਾਬਾ ਬੋਹੜ ਕਹੇ ਜਾਂਦੇ ਅਤੇ ਇੰਡੀਆ ‘ਚ ਸਭ ਤੋਂ ਵਡੇਰੀ ਉਮਰ ਦੇ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਨੇ ਵੀਰਵਾਰ ਨੂੰ 96ਵੇਂ ਵਰ੍ਹੇ ‘ਚ ਪ੍ਰਵੇਸ਼ ਕਰ ਲਿਆ। ਸਾਬਕਾ ਮੁੱਖ ਮੰਤਰੀ ਨੇ ਅੱਜ ਪਿੰਡ ਬਾਦਲ ਰਿਹਾਇਸ਼ ‘ਤੇ 95ਵੇਂ ਜਨਮ ਦਿਨ ਦਾ ਕੇਕ ਕੱਟਿਆ। ਇਸ ਮੌਕੇ ਬਾਦਲ ਪਰਿਵਾਰ ਦੇ ਇਲਾਵਾ ਅਕਾਲੀ ਦਲ ਦੀ ਸਮੁੱਚੀ ਸਿਖਰਲੀ ਲੀਡਰਸ਼ਿਪ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੇ ਵੱਡੀ ਗਿਣਤੀ ਮੈਂਬਰਾਂ ਤੋਂ ਇਲਾਵਾ ਸਾਬਕਾ ਵਿਧਾਇਕ, ਅਕਾਲੀ ਦਲ ਦੇ ਹਲਕਾ ਇੰਚਾਰਜ਼ ਅਤੇ ਜ਼ਿਲ੍ਹਾ ਪ੍ਰਧਾਨ ਪੁੱਜੇ ਹੋਏ ਸਨ। ਇਸ ਤੋਂ ਇਲਾਵਾ ਅਕਾਲੀ ਦਲ ਦੀ ਕੋਰ ਕਮੇਟੀ ਅਤੇ ਅਨੁਸ਼ਾਸ਼ਨ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰੀਬ 40 ਮਿੰਟ ਤੱਕ ਮਹਿਮਾਨਾਂ ‘ਚ ਵਿਚਰੇ। ਕੇਕ ਦੀ ਰਸਮ ਉਪਰੰਤ ਵੱਡੇ ਬਾਦਲ ਨੇ ਸਮੂਹ ਲੀਡਰਾਂ ਨੇ ਫੋਟੋਆਂ ਖਿਚਵਾਈਆਂ। ਸਵੇਰੇ ਸਮੇਂ ਸ੍ਰੀ ਅਖੰਡ ਪਾਠ ਦੇ ਭੋਗ ਵੀ ਪਾਏ ਗਏ ਸਨ। ਜਨਮ ਦਿਨ ਦੇ ਮੌਕੇ ਅਕਾਲੀ ਲੀਡਰਸ਼ਿਪ ਦੀ ਵੱਡੇ ਬਾਦਲ ਨਾਲ ਮੁਲਾਕਾਤ ਦੀ ‘ਤਾਂਘ’ ਵੀ ਪੂਰੀ ਹੋਈ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਸਿਹਤ ਖਰਾਬੀ ਉਪਰੰਤ ਡਾਕਟਰੀ ਸਲਾਹ ‘ਤੇ ਬਾਦਲ ਦੀਆਂ ਜਨਤਕ ਮੁਲਾਕਾਤਾਂ ‘ਤੇ ਵਿਰਾਮ ਲੱਗਿਆ ਹੋਇਆ ਹੈ। ਵੱਡੇ ਬਾਦਲ ਨਾਲ ਮੁਲਾਕਾਤ ਨਾ ਹੋ ਸਕਣ ਕਾਰਨ ਅਕਾਲੀ ਲੀਡਰਸ਼ਿਪ ‘ਚ ਸ਼ਕਤੀ ਸੰਚਾਰ ਦੀ ਘਾਟ ਸਾਹਮਣੇ ਆ ਰਹੀ ਸੀ। ਅੱਜ ਸਾਬਕਾ ਮੁੱਖ ਮੰਤਰੀ ਨਾਲ ਮੇਲ-ਮਿਲਾਪ ਉਪਰੰਤ ਵੱਡੀ ਗਿਣਤੀ ਜਥੇਬੰਦਕ ਢਾਂਚਾ ਤਸੱਲੀ ਭਰੇ ਖੁਸ਼ੀ ਦੇ ਰੌਂਅ ‘ਚ ਰਿਚਾਰਜ਼ ਵੇਖਿਆ ਗਿਆ। ਇਸ ਮੌਕੇ ਬਾਦਲ ਪਰਿਵਾਰ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ, ਮੇਜਰ ਭੁਪਿੰਦਰ ਸਿੰਘ, ਲਾਲੀ ਬਾਦਲ ਅਤੇ ਬਾਵਾ ਬਾਦਲ ਵੀ ਮੌਜੂਦ ਸਨ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਅਤੇ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਬਾਦਲ ਸਾਹਿਬ ਦਾ ਜਨਮ ਦਿਨ ਨਿਰੋਲ ਪਰਿਵਾਰਕ ਸਮਾਗਮ ਸੀ। ਇਸ ਮੌਕੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਪੂਰੇ ਉਤਸਾਹ ਨਾਲ ਸ਼ਾਮਲ ਹੋਈ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਗਈ। ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ, ਆਦੇਸ਼ਪ੍ਰਤਾਪ ਸਿੰਘ ਕੈਰੋਂ, ਬਲਵਿੰਦਰ ਸਿੰਘ ਭੂੰਦੜ, ਗੁਲਜ਼ਾਰ ਸਿੰਘ ਰਣੀਕੇ, ਸਾਬਕਾ ਬਸਪਾ ਸੰਸਦ ਮੈਂਬਰ ਅਵਤਾਰ ਸਿੰਘ ਕਰੀਮਪਰ, ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਬਸਪਾ ਵਿਧਾਇਕ ਨਛੱਤਰਪਾਲ, ਸਿਕੰਦਰ ਸਿੰਘ ਮਲੂਕਾ, ਗੋਬਿੰਦ ਸਿੰਘ ਲੌਂਗੋਵਾਲ, ਮਦਨ ਮੋਹਨ ਮਿੱਤਲ, ਅਨਿਲ ਜੋਸ਼ੀ, ਸ਼ਰਨਜੀਤ ਸਿੰਘ ਢਿੱਲੋਂ, ਵਿਰਸਾ ਸਿੰਘ ਵਲਟੋਹਾ, ਰੋਜ਼ੀ ਬਰਕੰਦੀ ਆਦਿ ਹਾਜ਼ਰ ਸਨ।