ਆਸਟਰੇਲੀਆ ‘ਚ ਇਕ ਬੇਬੇ ਨੇ 82 ਸਾਲ ਦੀ ਉਮਰ ‘ਚ ਯੂਨੀਵਰਸਿਟੀ ਤੋਂ ਪੀਐੱਚ.ਡੀ ਦੀ ਡਿਗਰੀ ਹਾਸਲ ਕਰਕੇ ਨਵੀਂ ਮਿਸਾਲ ਕਾਇਮ ਕੀਤੀ ਹੈ। ਐਲਿਸਨ ਨੇ ਦੱਸਿਆ ਕਿ ਉਸ ਦਾ ਪਰਿਵਾਰ ਪਿਛੋਕੜ ਉੱਚ ਸਿੱਖਿਆ ਦੇ ਬਹੁਤਾ ਹੱਕ ‘ਚ ਨਹੀਂ ਸੀ। ਐਲਿਸਨ ਨੇ ਦੱਸਿਆ ਕਿ ਉਸ ਦਾ 21 ਸਾਲ ਦੀ ਉਮਰ ‘ਚ ਵਿਆਹ ਹੋ ਗਿਆ ਸੀ ਜਿਸ ਮਗਰੋਂ ਬੱਚਿਆਂ ਸਮੇਤ ਬਿਮਾਰ ਪਤੀ ਦੀ ਜ਼ਿੰਮੇਵਾਰੀ ਸਿਰ ਪੈਣ ਕਾਰਨ ਉਸ ਦੇ ਪਰਿਵਾਰਕ ਰੁਝੇਵੇਂ ਵਧ ਗਏ। ਉੱਚ ਸਿੱਖਿਆ ਹਾਸਲ ਕਰਨ ਦੇ ਸੁਫ਼ਨੇ ਨੂੰ ਜਿਊਂਦਾ ਰੱਖਦਿਆਂ ਐਲਿਸਨ ਨੇ ਉਮਰ ਦੇ 40 ਵਰ੍ਹੇ ਟੱਪ ਕੇ ਗ੍ਰੈਜੂਏਸ਼ਨ ਕੀਤੀ। ਇਸ ਮਗਰੋਂ ਉਮਰ ਦੇ 78ਵੇਂ ਸਾਲ ‘ਚ ਉਸ ਨੇ ਡੀਕਨ ਯੂਨੀਵਰਸਿਟੀ ‘ਚ ਪੀਐੱਚ.ਡੀ ਸ਼ੁਰੂ ਕੀਤੀ। ਐਲਿਸਨ ਕਹਿੰਦੀ ਹੈ, ‘ਆਪਣੇ ਸੁਪਨਿਆਂ ਨੂੰ ਮਘਦਾ ਰੱਖੋ, ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਵੀ ਆਉਂਦੇ ਰਹਿੰਦੇ ਹਨ ਪਰ ਟੀਚਿਆਂ ਨੂੰ ਕਦੇ ਅੱਖੋਂ ਓਹਲੇ ਨਹੀਂ ਹੋਣ ਦੇਣਾ ਚਾਹੀਦਾ।’ ਉਸ ਦੀ ਖੋਜ ਦਾ ਵਿਸ਼ਾ ਇੱਕੋ ਧਰਮ ਵਿਚਲੇ ਦੋ ਵੱਖਰੇ ਤਬਕਿਆਂ ਦੇ ਤਜਰਬਿਆਂ ਤੇ ਉਨ੍ਹਾਂ ਦੇ ਨਤੀਜਿਆਂ ‘ਤੇ ਆਧਾਰਿਤ ਸੀ। ਜ਼ਿਕਰਯੋਗ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਈ ਉੱਘੀਆਂ ਸੰਸਥਾਵਾਂ ‘ਚ ਵਡੇਰੀ ਉਮਰ ਦੇ ਪਾੜ੍ਹਿਆਂ ਅਤੇ ਖੋਜਾਰਥੀਆਂ ਦੀ ਗਿਣਤੀ ‘ਚ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ 40 ਸਾਲ ਦੀ ਉਮਰ ਮਗਰੋਂ ਡਿਗਰੀਆਂ ਕਰਨ ਆਉਂਦੇ ਵਿਦਿਆਰਥੀਆਂ ਦੀ ਗਿਣਤੀ ਹਜ਼ਾਰਾਂ ‘ਚ ਹੈ ਜਿਸ ਦਾ ਕਾਰਨ ਸਿਰਫ ਰੁਜ਼ਗਾਰ ਹਾਸਲ ਕਰਨਾ ਨਹੀਂ ਸਗੋਂ ਸਵੈ-ਵਿਕਾਸ ਦੱਸਿਆ ਜਾ ਰਿਹਾ ਹੈ।