ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਦੇ ਬਾਗ਼ੀ ਤੇਵਰ ਉਸੇ ਤਰ੍ਹਾਂ ਕਾਇਮ ਹਨ, ਸਗੋਂ ਅੱਜ ਜਲੰਧਰ ‘ਚ ਪ੍ਰੈੱਸ ਕਾਨਫਰੰਸ ਉਹ ਦੋ ਕਦਮ ਹੋਰ ਅੱਗੇ ਵਧ ਗਏ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਤੋਂ ਆਜ਼ਾਦ ਕਰਵਾਉਣ ਦਾ ਹੋਕਾ ਦਿੱਤਾ। ਸ਼੍ਰੋਮਣੀ ਕਮੇਟੀ ਲਈ ਬੀਬੀ ਜਗੀਰ ਕੌਰ ਨੇ ਆਪਣਾ ਮੈਨੀਫ਼ੈਸਟੋ ਦੱਸਦੇ ਹੋਏ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦਾ ਪੰਥਕ ਰੁਤਬਾ ਬਹਾਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅੱਜ ਹਾਸ਼ੀਏ ‘ਤੇ ਆ ਗਿਆ ਹੈ। ਮੈਨੂੰ ਖ਼ੁਸ਼ੀ ਹੈ ਕਿ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ‘ਚ ਕੋਈ ਸੁਧਾਰ ਨਾ ਕੀਤਾ ਗਿਆ ਤਾਂ ਸਭ ਖ਼ਤਮ ਹੋ ਜਾਵੇਗਾ। ਮੈਨੂੰ ਸੁਧਾਰਾਂ ਨੂੰ ਲੈ ਕੇ ਸੁਝਾਅ ਦਿੱਤੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮੈਂ ਸ਼੍ਰੋਮਣੀ ਕਮੇਟੀ ‘ਚ ਸੁਧਾਰਾਂ ਨੂੰ ਲੈ ਕੇ ਵਕਾਲਤ ਕਰ ਚੁੱਕੀ ਹਾਂ ਅਤੇ ਜੇਕਰ ਮੈਨੂੰ ਮੁੜ ਤੋਂ ਸੇਵਾ ਦਾ ਮੌਕਿਆ ਮਿਲਿਆ ਤਾਂ ਕਮੇਟੀ ਨੂੰ ਆਜ਼ਾਦ ਕਰਾਵਾਂਗੀ। ਤਲਖ਼ ਤੇਵਰ ਵਿਖਾਉਂਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਪ੍ਰਧਾਨਗੀ ਦੀ ਚੋਣ ਕੋਈ ਵੀ ਲੜ ਸਕਦਾ ਹੈ ਅਤੇ ਉਹ ਇਹ ਚੋਣ ਜ਼ਰੂਰ ਲੜਣਗੇ। ਉਥੇ ਹੀ ਅਕਾਲੀ ਦਲ ਵੱਲੋਂ ਅਨੁਸ਼ਾਸਨਾਤਮਕ ਕਮੇਟੀ ‘ਚ ਫ਼ੈਸਲੇ ਮਗਰੋਂ ਬੀਬੀ ਜਗੀਰ ਕੌਰ ਨੂੰ ਦੂਜਾ ਮੌਕਾ ਦਿੰਦੇ ਹੋਏ ਨਿੱਜੀ ਤੌਰ ‘ਤੇ ਦਫ਼ਤਰ ‘ਚ ਆ ਕੇ ਗੱਲਬਾਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਬੀਬੀ ਜਗੀਰ ਨੂੰ ਅਕਾਲੀ ਦਲ ਵੱਲੋਂ ਕੱਲ੍ਹ ਦੁਪਹਿਰ 12 ਵਜੇ ਤੱਕ ਨਿੱਜੀ ਦਫ਼ਤਰ ‘ਚ ਆ ਕੇ ਗੱਲਬਾਤ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਸ ‘ਤੇ ਬੋਲਦੇ ਹੋਏ ਬੀਬੀ ਜਗੀਰ ਨੇ ਕਿਹਾ ਕਿ ਮੌਕਾ ਉਦੋਂ ਦੇਣਾ ਚਾਹੀਦਾ ਸੀ, ਜਦੋਂ ਪਾਰਟੀ ਨੇ ਸਸਪੈਂਡ ਕੀਤਾ ਸੀ। ਸ਼੍ਰੋਮਣੀ ਅਕਾਲੀ ਦਲ ਕਿਸੇ ਇਕ ਵਿਅਕਤੀ ਦੀ ਜਗੀਰ ਨਹੀਂ ਹੈ। ਕੋਈ ਇਕ ਸ਼ਖ਼ਸ ਮੈਨੂੰ ਪਾਰਟੀ ਵਿੱਚੋਂ ਕੱਢ ਨਹੀਂ ਸਕਦਾ। ਸ਼੍ਰੋਮਣੀ ਅਕਾਲੀ ਦਲ ਦਾ ਤਾਂ ਢਾਂਚਾ ਹੀ ਭੰਗ ਕੀਤਾ ਗਿਆ ਫਿਰ ਕਿਵੇਂ ਮੇਰੇ ‘ਤੇ ਐਕਸ਼ਨ ਲਿਆ ਗਿਆ ਹੈ। ਮੇਰੇ ‘ਤੇ ਗੈਰ ਸੰਵਿਧਾਨਿਕ ਕਾਰਵਾਈ ਕੀਤੀ ਗਈ ਹੈ। ਮੈਨੂੰ ਕੋਈ ਆਖਰੀ ਮੌਕਾ ਨਹੀਂ ਚਾਹੀਦਾ ਹੈ।