ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਜਾਰੀ ਕੀਤੇ ਨੋਟਿਸ ਦਾ ਜਵਾਬ ਦੇ ਦਿੱਤਾ ਹੈ ਅਤੇ ਇਸ ਜਵਾਬ ਨਾਲ ਵੀ ਸਵਾਲ ਖੜ੍ਹੇ ਹੋ ਗਏ ਹਨ। ਉਨ੍ਹਾਂ ਨੇ ਪਾਰਟੀ ਦੀ ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਨੂੰ ਭੇਜੇ ਪੱਤਰ ‘ਚ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚਾ ਢਾਂਚਾ ਭੰਗ ਹੋਣ ਦੇ ਬਾਵਜੂਦ ਅਨੁਸ਼ਾਸਨੀ ਕਮੇਟੀ ਕਦੋਂ ਬਣੀ, ਇਸ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਰਟੀ ‘ਚੋਂ ਮੁਅੱਤਲ ਕਰਨ ਦਾ ਪਾਰਟੀ ਸੰਵਿਧਾਨਕ ਕਾਰਨ ਵੀ ਪੁੱਛ ਲਿਆ ਹੈ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਤੇ ਹੋਰ ਮੈਂਬਰਾਂ ਨੇ ਪਾਰਟੀ ਵਿਰੋਧੀ ਸਰਗਰਮੀਆ ਦਾ ਹਵਾਲਾ ਦਿੰਦਿਆਂ ਬੀਬੀ ਜਗੀਰ ਕੌਰ ਨੂੰ ਪਾਰਟੀ ‘ਚੋਂ ਮੁਅੱਤਲ ਕੀਤਾ ਸੀ ਤੇ ਇਸ ਸਬੰਧੀ ਦੋ ਦਿਨਾਂ ਦਾ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਬੀਬੀ ਜਗੀਰ ਕੌਰ ਵੱਲੋਂ ਅਕਾਲੀ ਦਲ ਦੀ ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੂੰ ਭੇਜੇ ਗਏ ਜਵਾਬ ‘ਚ ਸਪੱਸ਼ਟੀਕਰਨ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਪਾਰਟੀ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਦੌਰਾਨ ਉਨ੍ਹਾਂ ‘ਤੇ ਕੋਈ ਵੀ ਦੋਸ਼ ਨਹੀਂ ਹੈ। ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਦੀ ਧਾਰਾ ਦੀ ਕਿਸ ਮੱਦ ਅਨੁਸਾਰ ਉਸ ਨੂੰ ਮੁਅੱਤਲ ਕੀਤਾ ਗਿਆ। ਪੱਤਰ ਰਾਹੀਂ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਅਨੁਸ਼ਾਸਨੀ ਕਾਰਵਾਈ ਕਰਨ ਤੱਕ ਪਾਰਟੀ ਵੱਲੋਂ ਕੋਈ ਵੀ ਉਮੀਦਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਉਮੀਦਵਾਰ ਵਜੋਂ ਨਹੀਂ ਐਲਾਨਿਆ ਗਿਆ ਸੀ। ਫਿਰ ਵਿਰੋਧੀ ਗਤੀਵਿਧੀਆ ਕਿਸ ਸੰਬੰਧੀ ਸਨ ਤੇ ਮੁਅੱਤਲੀ ਦਾ ਕਾਰਨ ਵੀ ਸਪੱਸ਼ਟ ਕੀਤਾ ਜਾਵੇ, ਜੇਕਰ ਉਨ੍ਹਾਂ ਦੇ ਖ਼ਿਲਾਫ਼ ਕੋਈ ਲਿਖਤੀ ਸ਼ਿਕਾਇਤ ਹੋਵੇ ਤਾਂ ਵੇਰਵਾ ਦਿੱਤਾ ਜਾਵੇ। ਅਕਾਲੀ ਦਲ ‘ਤੇ ਵੱਡਾ ਸਵਾਲ ਖੜ੍ਹਾ ਕਰਦਿਆਂ ਬੀਬੀ ਜਗੀਰ ਕੌਰ ਨੇ ਸਪੱਸ਼ਟੀਕਰਨ ਪੱਤਰ ‘ਚ ਲਿਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚਾ ਢਾਂਚਾ ਪ੍ਰਧਾਨ ਸਾਹਿਬ ਵੱਲੋਂ ਭੰਗ ਕੀਤਾ ਗਿਆ ਹੈ, ਸਿਰਫ਼ ਵਰਕਿੰਗ ਕਮੇਟੀ ਹੀ ਹੋਂਦ ‘ਚ ਹੈ। ਇਹ ਦੱਸਿਆ ਜਾਵੇ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਕਦੋਂ ਹੋਈ ਸੀ ਅਤੇ ਸੰਵਿਧਾਨ ਦੀ ਕਿਸ ਧਾਰਾ ਤਹਿਤ ਅਨੁਸ਼ਾਸਨੀ ਕਮੇਟੀ ਬਣਾਈ ਗਈ, ਜਦਕਿ ਅਨੁਸ਼ਾਸਨੀ ਕਮੇਟੀ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਸੰਬੰਧੀ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨੂੰ ਸੁਣਿਆ ਗਿਆ, ਜਦਕਿ ਬਿਨਾਂ ਨੋਟਿਸ ਅਤੇ ਬਿਨਾਂ ਸੁਣਵਾਈ ਮੁਅੱਤਲ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਜਾਪਦੀ ਹੈ।