ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ‘ਚ ਦਿਨ ਦਿਹਾੜੇ ਅਣਪਛਾਤੇ ਲੋਕਾਂ ਨੇ ਅਦਾਲਤ ‘ਚ ਪੇਸ਼ੀ ਭੁਗਤ ਕੇ ਮੁੜ ਰਹੇ ਗੈਂਗਸਟਰ ਸੰਦੀਪ ਬਿਸ਼ਨੋਈ ਦੀ ਹੱਤਿਆ ਕਰ ਦਿੱਤੀ। ਹਮਲੇ ‘ਚ ਗੈਂਗਸਟਰ ਦੇ ਤਿੰਨ ਦੋਸਤ ਅਤੇ ਇਕ ਵਕੀਲ ਵੀ ਜ਼ਖ਼ਮੀ ਹੋਇਆ ਹੈ। ਡੀ.ਜੀ.ਪੀ. ਐੱਮ.ਐੱਲ. ਲਾਥੇਰ ਦੇ ਨਿਰਦੇਸ਼ਾਂ ‘ਤੇ ਏ.ਡੀ.ਜੀ.ਪੀ. ਅਸ਼ੋਕ ਰਾਠੌੜ ਜੈਪੁਰ ਤੋਂ ਮੌਕੇ ‘ਤੇ ਪਹੁੰਚੇ ਹਨ। ਪੁਲੀਸ ਵੱਲੋਂ ਮੁਲਜ਼ਮਾਂ ਨੂੰ ਫੜਨ ਲਈ ਸ਼ਹਿਰ ‘ਚ ਨਾਕਾਬੰਦੀ ਕਰ ਦਿੱਤੀ ਗਈ ਹੈ। ਏ.ਡੀ.ਜੀ.ਪੀ. (ਕਾਨੂੰਨ ਤੇ ਅਮਨ) ਵੀ.ਕੇ. ਸਿੰਘ ਨੇ ਦੱਸਿਆ ਕਿ ਕਤਲ ਕੇਸ ‘ਚ ਮੁਲਜ਼ਮ ਸੰਦੀਪ ਸੇਠੀ ਜਦੋਂ ਨਾਗੌਰ ਅਦਾਲਤ ‘ਚ ਪੇਸ਼ੀ ਭੁਗਤ ਕੇ ਜਾ ਰਿਹਾ ਸੀ ਤਾਂ ਕੁਝ ਅਣਪਛਾਤਿਆਂ ਉਸ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਹਮਲੇ ਦੌਰਾਨ ਸੰਦੀਪ ਦੇ ਤਿੰਨ ਦੋਸਤਾਂ ਤੇ ਇਕ ਵਕੀਲ ਨੂੰ ਵੀ ਗੋਲੀਆਂ ਲੱਗੀਆਂ। ਜ਼ਖਮੀਆਂ ਨੂੰ ਨੇੜੇ ਦੇ ਇਕ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਹੈ। ਗੈਂਗਸਟਰ ਸੰਦੀਪ ਸੇਠੀ 12 ਸਤੰਬਰ ਤੋਂ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਸੀ ਅਤੇ ਆਪਣੇ ਦੋਸਤਾਂ ਨਾਲ ਨਾਗੌਰ ਜ਼ਿਲ੍ਹਾ ਅਦਾਲਤ ‘ਚ ਪੇਸ਼ ਹੋਣ ਆਇਆ ਸੀ। ਏ.ਐੱਸ.ਪੀ. ਰਾਜੇਸ਼ ਮੀਨਾ ਨੇ ਦੱਸਿਆ ਕਿ ਜਦੋਂ ਸੰਦੀਪ ਅਦਾਲਤ ‘ਚੋਂ ਵਾਪਸ ਰਿਹਾ ਸੀ ਤਾਂ ਉਥੇ ਚਾਰ-ਪੰਜ ਮੋਟਰਸਾਈਕਲਾਂ ‘ਤੇ ਆਏ ਕੁਝ ਅਣਪਛਾਤੇ ਲੋਕਾਂ ਨੇ ਸੰਦੀਪ ‘ਤੇ ਗੋਲੀਆਂ ਦੀ ਵਾਛੜ ਕਰ ਦਿੱਤੀ ਜਿਸ ਕਾਰਨ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੇਠੀ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 25 ਅਪਰਾਧਕ ਕੇਸ ਦਰਜ ਸਨ। ਅਧਿਕਾਰੀ ਮੁਤਾਬਕ ਹਮਲਾਵਰਾਂ ਨੇ ਸੇਠੀ ‘ਤੇ 9 ਤੋਂ 10 ਗੋਲੀਆਂ ਚਲਾਈਆਂ। ਬੰਬੀਹਾ ਗੈਂਗ ਨੇ ਸੰਦੀਪ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਹੈ ਜਿਸ ਸਬੰਧੀ ਦਵਿੰਦਰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਵੀ ਨਸ਼ਰ ਕੀਤੀ ਹੈ। ਬੰਬੀਹਾ ਗਰੁੱਪ ਨੇ ਸੁਲਤਾਨ ਦਵਿੰਦਰ ਬੰਬੀਹਾ ਫੇਸਬੁੱਕ ਅਕਾਊਂਟ ਤੋਂ ਪੋਸਟ ਪਾ ਕੇ ਕਿਹਾ ਕਿ ਸੰਦੀਪ ਦਾ ਕੰਮ ਉਨ੍ਹਾਂ ਦੇ ਸ਼ੇਰ ਭਰਾਵਾਂ ਵੱਲੋਂ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਲਾਰੈਂਸ ਬਿਸ਼ਨੋਈ, ਜੱਗੂ ਅਤੇ ਗੋਲਡੀ ਦਾ ਵੀ ਇਹੋ ਹਸ਼ਰ ਹੋਵੇਗਾ। ਦੱਸਣਾ ਬਣਦਾ ਹੈ ਕਿ ਇਹ ਤਿੰਨੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ ਹੇਠ ਨਾਮਜ਼ਦ ਹਨ। ਬੰਬੀਹਾ ਗੈਂਗ ਦੀ ਇਹ ਪੋਸਟ ਹੁਣ ਪੰਜਾਬ ਪੁਲੀਸ ਲਈ ਵੱਡੀ ਸਿਰਦਰਦੀ ਬਣ ਗਈ ਹੈ।