ਮੁਹਾਲੀ ਜ਼ਿਲ੍ਹੇ ਦੇ ਬਨੂਡ਼ ਨਾਲ ਸਬੰਧਤ ਸੱਤ ਨੌਜਵਾਨ ਊਨਾ ਨੇਡ਼ੇ ਬੰਗਾਨਾ ਸਬ-ਡਿਵੀਜ਼ਨ ਅਧੀਨ ਆਉਂਦੇ ਅੰਦਰੌਲੀ ਪਿੰਡ ’ਚ ਗੋਬਿੰਦ ਸਾਗਰ ਝੀਲ ’ਚ ਡੁੱਬ ਗਏ ਜਦੋਂਕਿ ਚਾਰ ਨੌਜਵਾਨਾਂ ਨੇ ਤੈਰ ਕੇ ਜਾਨ ਬਚਾਈ। ਮ੍ਰਿਤਕਾਂ ’ਚ ਦੋ ਸਕੇ ਭਰਾਵਾਂ ਸਮੇਤ ਚਾਰ ਵਿਅਕਤੀ ਇਕੋ ਪਰਿਵਾਰ ਨਾਲ ਸਬੰਧਤ ਹਨ। ਇਹ ਸਾਰੇ ਨੌਜਵਾਨ ਮੋਟਰਸਾਈਕਲਾਂ ’ਤੇ ਪੀਰ ਨਗਾਹਾ, ਬਾਬਾ ਬਾਲਕ ਨਾਥ ਮੰਦਿਰ ਅਤੇ ਨੈਣਾ ਦੇਵੀ ਦੀ ਯਾਤਰਾ ਲਈ ਘਰੋਂ ਨਿਕਲੇ ਸਨ। ਡੁੱਬਣ ਵਾਲੇ ਨੌਜਵਾਨਾਂ ਦੀ ਪਛਾਣ ਪਵਨ ਕੁਮਾਰ (35), ਰਮਨ ਕੁਮਾਰ (19), ਲਾਭ ਕੁਮਾਰ (17), ਲਖਬੀਰ ਸਿੰਘ (16), ਅਰੁਣ ਕੁਮਾਰ (14), ਵਿਸ਼ਾਲ ਕੁਮਾਰ (18) ਤੇ ਸ਼ਿਵ ਕੁਮਾਰ (16) ਵਜੋਂ ਦੱਸੀ ਗਈ ਹੈ। ਤੈਰ ਕੇ ਕੰਢੇ ਲੱਗੇ ਨੌਜਵਾਨਾਂ ’ਚ ਕ੍ਰਿਸ਼ਨ ਲਾਲ (32), ਗੁਰਪ੍ਰੀਤ ਸਿੰਘ (23), ਰਮਨ ਕੁਮਾਰ (17) ਤੇ ਸੋਨੂ ਕੁਮਾਰ (28) ਸ਼ਾਮਲ ਹਨ। ਵਧੀਕ ਐੱਸ.ਪੀ. ਪ੍ਰਵੀਨ ਧੀਮਾਨ ਨੇ ਦੱਸਿਆ ਕਿ ਭਾਖਡ਼ਾ ਬਿਆਸ ਮੈਨੇਜਮੈਂਟ ਬੋਰਡ ਦੇ ਗੋਤਾਖੋਰਾਂ ਦੀ ਮਦਦ ਨਾਲ ਡੁੱਬੇ ਨੌਜਵਾਨਾਂ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਹਨ। ਝੀਲ ’ਚ ਡੁੱਬਣ ਵਾਲੇ ਸਾਰੇ ਨੌਜਵਾਨ ਬਨੂਡ਼ ਦੇ ਵਾਰਡ ਨੰਬਰ ਗਿਆਰਾਂ ਦੀ ਨੀਰਾ ਸ਼ਾਹ ਕਲੋਨੀ ਦੇ ਵਸਨੀਕ ਸਨ। ਘਟਨਾ ਦਾ ਪਤਾ ਲੱਗਦਿਆਂ ਹੀ ਬਨੂਡ਼ ਸ਼ਹਿਰ ਅਤੇ ਸਮੁੱਚੇ ਖੇਤਰ ’ਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਸੀ। ਸੋਗ ਵਜੋਂ ਮੰਗਲਵਾਰ ਨੂੰ ਬਨੂਡ਼ ਦੇ ਬਾਜ਼ਾਰ ਬੰਦ ਰਹੇ।