ਬੋਧ ਗਯਾ ਦੇ ਕਾਲਚੱਕਰ ਮੈਦਾਨ ‘ਚ ਇਕ ਸਿਖ਼ਲਾਈ ਪ੍ਰੋਗਰਾਮ ਦੇ ਆਖ਼ਰੀ ਦਿਨ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨੇ ਕਿਹਾ ਕਿ ਬੁੱਧ ਧਰਮ ਨੂੰ ਨਿਸ਼ਾਨਾ ਬਣਾਉਣ ਤੇ ਇਸ ਨੂੰ ਖ਼ਤਮ ਕਰਨ ਦੇ ਆਪਣੇ ਯਤਨਾਂ ‘ਚ ਚੀਨ ਸਫ਼ਲ ਨਹੀਂ ਹੋ ਸਕੇਗਾ। ਉਨ੍ਹਾਂ ਕਿਹਾ ਕਿ ਚੀਨ ਬੁੱਧ ਧਰਮ ਨੂੰ ਜ਼ਹਿਰੀ ਮੰਨਦਾ ਹੈ ਤੇ ਇਸ ਨੂੰ ਖ਼ਤਮ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਕਰ ਰਿਹਾ ਹੈ। ਉਹ ਬੋਧੀ ਸੰਸਥਾਵਾਂ ਨੂੰ ਖ਼ਤਮ ਕਰ ਕੇ ਇਸ ਧਰਮ ਨੂੰ ਚੀਨ ‘ਚੋਂ ਮਿਟਾਉਣਾ ਚਾਹੁੰਦਾ ਹੈ, ਪਰ ਅਜਿਹਾ ਕਰਨ ‘ਚ ਪੂਰੀ ਤਰ੍ਹਾਂ ਨਾਕਾਮ ਹੋਇਆ ਹੈ। ਬੋਧ ਗਯਾ ‘ਚ ਦਲਾਈ ਲਾਮਾ ਨੇ ਕਿਹਾ, ‘ਬੁੱਧ ਧਰਮ ‘ਚ ਸਾਡਾ ਭਰੋਸਾ ਬਹੁਤ ਮਜ਼ਬੂਤ ਹੈ, ਮੈਂ ਜਦ ਹਿਮਾਲਿਆ ਪਾਰ ਦੇ ਖੇਤਰਾਂ ‘ਚ ਜਾਂਦਾ ਹਾਂ ਤਾਂ ਦੇਖਦਾ ਹਾਂ ਕਿ ਸਥਾਨਕ ਲੋਕ ਉਥੇ ਧਰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਨ। ਇਸੇ ਤਰ੍ਹਾਂ ਮੰਗੋਲੀਆ ਤੇ ਚੀਨ ‘ਚ ਵੀ ਹੈ, ਹਾਲਾਂਕਿ ਉਥੇ ਸਰਕਾਰਾਂ ਇਸ ਧਰਮ ਨੂੰ ਖ਼ਤਮ ਕਰਨ ਉਤੇ ਉਤਾਰੂ ਹਨ, ਪਰ ਸਫ਼ਲ ਨਹੀਂ ਹੋ ਸਕੀਆਂ ਹਨ।’ ਦਲਾਈ ਲਾਮਾ ਨੇ ਕਿਹਾ ਕਿ ਅੱਜ ਵੀ ਚੀਨ ‘ਚ ਬਹੁਤ ਸਾਰੇ ਲੋਕ ਹਨ, ਜੋ ਬੁੱਧ ਧਰਮ ‘ਚ ਯਕੀਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਚੀਨ ਨੇ ਕਈ ਬੁੱਧ ਵਿਹਾਰ ਤਬਾਹ ਕਰ ਦਿੱਤੇ ਹਨ ਪਰ ਬੁੱਧ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਉਥੇ ਘਟੀ ਨਹੀਂ ਹੈ। ਦਲਾਈ ਲਾਮਾ ਦੇ ਇਸ ਸਿਖ਼ਲਾਈ ਪ੍ਰੋਗਰਾਮ ‘ਚ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਵੀ ਹਿੱਸਾ ਲਿਆ।