ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਬਾਦਲ ਪਰਿਵਾਰ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਬਾਦਲ ਪਰਿਵਾਰ ਦੇ ਨਜ਼ਦੀਕੀ ਮੰਨੇ ਜਾਂਦੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੁਝ ਅਕਾਲੀ ਆਗੂਆਂ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਜਾਂ ਬਾਦਲ ਪਰਿਵਾਰ ਨਾਲ ਗਿਲੇ ਸ਼ਿਕਵੇ ਹੋ ਸਕਦੇ ਹਨ, ਪਰ ਇਸ ਦੀ ਸਜ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਮਿਲਣੀ ਚਾਹੀਦੀ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਨਤਾ ਮਿਲਣ ਦੇ ਮਾਮਲੇ ‘ਚ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵੰਡ ਦੌਰਾਨ ਵੱਡੀ ਗਿਣਤੀ ‘ਚ ਇਤਿਹਾਸਕ ਗੁਰਧਾਮਾਂ ਤੋਂ ਸਿੱਖ ਕੌਮ ਨੂੰ ਵਿਛੋੜਿਆ ਗਿਆ ਸੀ, ਜਿੰਨਾ ਦੀ ਸੇਵਾ ਸੰਭਾਲ ਅਤੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਵਾਸਤੇ ਅੱਜ ਵੀ ਹਰੇਕ ਸਿੱਖ ਰੋਜ਼ਾਨਾ ਅਰਦਾਸ ਕਰਦਾ ਹੈ। ਹੁਣ ਤਾਂ ਸਾਨੂੰ ਆਪਣੇ ਘਰ ‘ਚ ਬੈਠਿਆਂ ਨੂੰ ਹੀ ਹਰਿਆਣਾ ਦੇ ਪਵਿੱਤਰ ਗੁਰਧਾਮ ਤੋਂ ਦੂਰ ਕਰਨ ਦੀ ਡੂੰਘੀ ਸਾਜਿਸ਼ ਰਚੀ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ 1925 ਐਕਟ ਦੇ ਤਹਿਤ ਗੁਰਧਾਮਾਂ ਦੀ ਸੇਵਾ ਸੰਭਾਲ ਕਰ ਰਹੀ ਹੈ, ਜਿਸ ‘ਚ ਕੋਈ ਤਬਦੀਲੀ ਕਰਨੀ ਹੋਵੇ ਤਾਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ‘ਚ ਮਤਾ ਪਾਸ ਹੁੰਦਾ ਹੈ। ਫਿਰ ਉਸ ਨੂੰ ਪਾਰਲੀਮੈਂਟ ‘ਚ ਪ੍ਰਵਾਨਗੀ ਮਿਲਦੀ ਹੈ। ਹਰਿਆਣਾ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਨੂੰ ਹੋਂਦ ‘ਚ ਲਿਆਉਣ ਲਈ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਸਿਆਸੀ ਦਾਅ ਖੇਡਦਿਆਂ ਆਪਣੀ ਸਰਕਾਰ ਵੇਲੇ ਕਮੇਟੀ ਦੀ ਨੀਂਹ ਰੱਖੀ, ਜਿਸ ‘ਤੇ ਬਾਅਦ ‘ਚ ਭਾਜਪਾ ਸਰਕਾਰ ਨੇ ਮੋਹਰ ਲਗਾਉਣ ਦਾ ਕੰਮ ਕੀਤਾ। ਫਿਰ ਕੈਪਟਨ ਅਮਰਿੰਦਰ ਸਿੰਘ ਤੇ ਹੁਣ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਪ੍ਰੋੜਤਾ ਕਰ ਦਿੱਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਹਰਿਆਣਾ ਕਮੇਟੀ ਨੂੰ ਮਾਨਤਾ ਦੇਣ ਦੇ ਫ਼ੈਸਲੇ ਦਾ ਸਵਾਗਤ ਕਰਨ ਵਾਲੇ ਸਿਆਸੀ ਆਗੂ ਇਕ ਗੱਲ ਸਮਝ ਲੈਣ ਕਿ ਉਨ੍ਹਾਂ ਦੀ ਇਸ ਕਾਰਵਾਈ ਨਾਲ ਸੁਖਬੀਰ ਸਿੰਘ ਬਾਦਲ ਦਾ ਨਹੀਂ ਬਲਕਿ ਸਿੱਖ ਕੌਮ ਦਾ ਨੁਕਸਾਨ ਹੋਇਆ ਹੈ, ਜਿਸ ਦਾ ਸਾਨੂੰ ਬੇਹੱਦ ਦੁੱਖ ਹੈ। ਹਰਿਆਣਾ ਦੇ ਪਵਿੱਤਰ ਗੁਰਧਾਮਾ ਦੀ ਸੇਵਾ ਆਮਦਨ ਲਈ ਨਹੀਂ ਬਲਕਿ ਸ਼੍ਰੋਮਣੀ ਕਮੇਟੀ ਇਸ ਲਈ ਕਰ ਰਹੀ ਕਿਉਂਕਿ ਉਹ ਸਾਡੇ ਗੁਰੂ ਸਹਿਬਾਨਾ ਦੀ ਚਰਨਛੋਹ ਪ੍ਰਾਪਤ ਹਨ। ਉਥੇ ਸੁਚੱਜੇ ਢੰਗ ਨਾਲ ਸੇਵਾ ਸੰਭਾਲ ਕਰਨ ਦੇ ਨਾਲ-ਨਾਲ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਸਾਡਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਗੁਰਧਾਮਾ ਦੀ ਆਮਦਨ ਦਾ ਸਾਰਾ ਪੈਸਾ ਉਥੇ ਹੀ ਧਰਮ ਪ੍ਰਚਾਰ, ਲੰਗਰ, ਹਸਪਤਾਲ, ਸਕੂਲਾਂ, ਕਾਲਜਾਂ ਤੇ ਹੋਰਨਾ ਪ੍ਰਬੰਧਾ ‘ਤੇ ਖ਼ਰਚ ਕੀਤਾ ਜਾ ਰਿਹਾ ਹੈ।