ਕਾਮਨਵੈਲਥ ਗੇਮਜ਼ ਦੀ ਸਮਾਪਤੀ ਵਾਲਾ ਦਿਨ ਵੀ ਇੰਡੀਆ ਲਈ ਵਧੀਆ ਰਿਹਾ। ਦੋ ਵਾਰ ਦੀ ਓਲੰਪਿੰਕਸ ਤਗ਼ਮਾ ਜੇਤੂ ਪੀ.ਵੀ. ਸਿੰਧੂ ਅਤੇ ਲਕਸ਼ੈ ਸੇਨ ਨੇ ਫਾਈਨਲ ‘ਚ ਜਿੱਤਾਂ ਦਰਜ ਕਰਦਿਆਂ ਇਨ੍ਹਾਂ ਖੇਡਾਂ ਦੇ ਬੈਡਮਿੰਟਨ ਮੁਕਾਬਲੇ ‘ਚ ਕ੍ਰਮਵਾਰ ਮਹਿਲਾ ਤੇ ਪੁਰਸ਼ ਸਿੰਗਲਜ਼ ਦਾ ਸੋਨ ਤਗ਼ਮਾ ਜਿੱਤਿਆ ਜਦਕਿ ਪੁਰਸ਼ ਡਬਲਜ਼ ਦੇ ਫਾਈਨਲ ‘ਚ ਸਾਤਵਿਕ ਸਾਈਰਾਜ ਰੰਕੀ ਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਜਿੱਤ ਦਰਜ ਕਰਕੇ ਸੋਨ ਤਗ਼ਮਾ ਇੰਡੀਆ ਦੀ ਝੋਲੀ ਪਾਇਆ। ਦੁਨੀਆ ਦੀ ਸੱਤਵੇਂ ਨੰਬਰ ਦੀ ਖਿਡਾਰੀ ਸਿੰਧੂ ਨੇ ਦੁਨੀਆ ਦੀ 13ਵੇਂ ਨੰਬਰ ਦੀ ਕੈਨੇਡਾ ਦੀ ਮਿਸ਼ੈਲ ਲੀ ਨੂੰ 21-15, 21-13 ਨਾਲ ਹਰਾ ਕੇ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ‘ਚ ਉਸ ਤੋਂ ਮਿਲੀ ਹਾਰ ਦਾ ਹਿਸਾਬ ਵੀ ਪੂਰਾ ਕਰ ਲਿਆ ਹੈ। ਸਿੰਧੂ ਨੇ 2014 ‘ਚ ਕਾਂਸੀ ਤਗ਼ਮਾ ਜਿੱਤਿਆ ਸੀ ਜਦਕਿ ਮਿਸ਼ੈਲ ਸੋਨ ਤਗ਼ਮਾ ਜਿੱਤਣ ‘ਚ ਕਾਮਯਾਬ ਰਹੀ ਸੀ। ਇਸੇ ਦਰਮਿਆਨ ਹੋਏ ਪੁਰਸ਼ ਸਿੰਗਲਜ਼ ਦੇ ਫਾਈਨਲ ‘ਚ ਦੁਨੀਆ ਦੇ 10ਵੇਂ ਨੰਬਰ ਦੇ ਖਿਡਾਰੀ ਅਤੇ ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੀ ਤਗ਼ਮਾ ਜੇਤੂ ਲਕਸ਼ੈ ਸੇਨ ਨੇ ਪਹਿਲਾ ਸੈੱਟ ਗੁਆਉਣ ਮਗਰੋਂ ਜ਼ੋਰਦਾਰ ਵਾਪਸੀ ਕਰਦਿਆਂ ਦੁਨੀਆ ਦੇ 41ਵੇਂ ਨੰਬਰ ਦੇ ਮਲੇਸ਼ਿਆਈ ਖਿਡਾਰੀ ਐੱਨਜੀ ਟੀਜੇ ਯੌਂਗ ਨੂੰ 19-21, 21-9, 21-16 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। 22 ਸਾਲਾ ਯੌਂਗ ਖ਼ਿਲਾਫ਼ 20 ਸਾਲਾ ਲਕਸ਼ੈ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਸਾਤਵਿਕ ਤੇ ਚਿਰਾਗ ਦੀ ਦੁਨੀਆ ਦੀ ਸੱਤਵੇਂ ਨੰਬਰ ਦੀ ਜੋੜੀ ਨੇ ਪੁਰਸ਼ ਡਬਲਜ਼ ਦੇ ਫਾਈਨਲ ‘ਚ ਬੇਨ ਲੈਨ ਅਤੇ ਸੀਨ ਵੈਂਡੀ ਦੀ ਇੰਗਲੈਂਡ ਦੀ ਜੋੜੀ ਨੂੰ 21-15, 21-13 ਨਾਲ ਹਰਾਇਆ। ਇਸ ਤੋਂ ਪਹਿਲਾਂ ਸਿੰਧੂ ਨੇ ਮਿਸ਼ੈਲ ਖ਼ਿਲਾਫ਼ 11 ਮੈਚਾਂ ‘ਚ ਨੌਵੀਂ ਜਿੱਤ ਦਰਜ ਕੀਤੀ। ਸਿੰਧੂ ਦਾ ਰਾਸ਼ਟਰਮੰਡਲ ਖੇਡਾਂ ਇਹ ਤੀਜਾ ਨਿੱਜੀ ਤਗ਼ਮਾ ਹੈ। ਉਸ ਨੇ 2018 ਦੀਆਂ ਗੋਲਡ ਕੋਸਟ ਖੇਡਾਂ ‘ਚ ਵੀ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਸੀ। ਬਰਮਿੰਘਮ ਖੇਡਾਂ ‘ਚ ਬੈਡਮਿੰਟਨ ਮੁਕਾਬਲੇ ‘ਚ ਇੰਡੀਆ ਛੇ ਤਗ਼ਮੇ ਜਿੱਤ ਚੁੱਕਾ ਹੈ। ਇਸ ਤੋਂ ਪਹਿਲਾਂ ਕਿਦਾਂਬੀ ਸ੍ਰੀਕਾਂਤ ਨੇ ਪੁਰਸ਼ ਸਿੰਗਲਜ਼ ਜਦਕਿ ਤ੍ਰਿਸ਼ਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੇਮ ਹਿਲਾ ਡਬਲਜ਼ ‘ਚ ਕਾਂਸੀ ਦਾ ਤਗ਼ਮਾ ਜਿੱਤਿਆ। ਸੈਮੀਫਾਈਨਲ ‘ਚ ਮਿਲੀ ਹਾਰ ਤੋਂ ਬਾਅਦ ਸ੍ਰੀਕਾਂਤ ਨੇ ਕਾਂਸੀ ਤਗ਼ਮੇ ਲਈ ਖੇਡੇ ਗਏ ਮੈਚ ‘ਚ ਸਿੰਗਾਪੁਰ ਦੇ ਜਿਆ ਹੇਂਗ ਜੇਹ ਨੂੰ ਹਰਾਇਆ। ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਨੇ ਮਹਿਲਾ ਡਬਲਜ਼ ‘ਚ ਕਾਂਸੀ ਦਾ ਤਗ਼ਮਾ ਜਿੱਤਿਆ।