ਹਾਈ ਸਕਿਉਰਿਟੀ ਜੇਲ੍ਹ ਬਠਿੰਡਾ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਬੀਤੀ ਰਾਤ ਇਕ ਚੈਨਲ ‘ਤੇ ਪ੍ਰਸਾਰਿਤ ਇੰਟਰਵਿਊ ਤੋਂ ਵਿਵਾਦ ਖੜ੍ਹਾ ਹੋ ਗਿਆ ਹੈ। ਸਵਾਲ ਖੜ੍ਹੇ ਹੋ ਰਹੇ ਹਨ ਕਿ ਅੱਤ ਸੁਰੱਖਿਆ ਵਾਲੀ ਜੇਲ੍ਹ, ਜਿੱਥੇ ਸਰਕਾਰ ਜੈਮਰ ਲੱਗੇ ਹੋਣ ਦਾ ਦਾਅਵਾ ਕਰਦੀ ਹੈ, ਤੋਂ ਇਹ ਐੱਚ.ਡੀ. ਕੁਆਲਟੀ ਦੀ ਇੰਟਰਵਿਊ ਕਿਵੇਂ ਹੋਈ। ਦੂਜੇ ਪਾਸੇ ਬਠਿੰਡਾ ਜੇਲ੍ਹ ਦੇ ਅਧਿਕਾਰੀਆਂ ਨੇ ਇਸ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਹੋ ਸਕਦਾ ਹੈ ਪਹਿਲਾਂ ਤੋਂ ਰਿਕਾਰਡ ਕੀਤੀ ਇੰਟਰਵਿਊ ਨੂੰ ਚਲਾਇਆ ਗਿਆ ਹੋਵੇ। ਇਸ ਦੇ ਬਾਵਜੂਦ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਵਿਰੋਧੀਆਂ ਦੇ ਨਿਸ਼ਾਨੇ ‘ਤੇ ਹਨ। ਦੂਜੇ ਪਾਸੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਸਰਕਾਰ ‘ਤੇ ਸਵਾਲ ਜ਼ਰੂਰ ਖੜ੍ਹੇ ਕੀਤੇ ਪਰ ਹੋਰ ਕੁਝ ਕਹਿਣ ਤੋਂ ਇਨਕਾਰ ਕੀਤਾ ਹੈ। ਇਸ ਇੰਟਰਵਿਊਰ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ ਕਿ ਉਸ ਨੇ ਆਪਣੇ ਭਰਾ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਸਿੱਧੂ ਮੂਸੇਵਾਲਾ ਨੂੰ ਮਰਵਾਇਆ ਹੈ। ਲਾਰੈਂਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਆਪਣੇ ਗੀਤਾਂ ‘ਚ ਖੁਦ ਨੂੰ ਇਕ ਡੌਨ ਵਾਂਗ ਪੇਸ਼ ਕਰਦਾ ਸੀ। ਉਸ ਨੇ ਕਿਹਾ ਕਿ ਗੋਲਡੀ ਬਰਾੜ ਨਾਲ ਤਾਲਮੇਲ ਕਰਕੇ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਲਈ ਇਕ ਸਾਲ ਪਹਿਲਾਂ ਤੋਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਅਖੀਰ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਉਸ ਨੂੰ ਕਤਲ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮੁੱਖ ਮੁਲਜ਼ਮ ਲਾਰੈਂਸ ਬਿਸ਼ਨੋਈ ਵੱਲੋਂ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਤੋਂ ਬਾਅਦ ਸਵਾਲ ਖੜ੍ਹੇ ਹੋ ਗਏ ਹਨ ਕਿ ਕਿਵੇਂ ਜੇਲ੍ਹ ਬੈਠਾ ਗੈਂਗਸਟਰ ਇੰਟਰਵਿਊ ਦੇ ਸਕਦਾ ਹੈ। ਵਿਰੋਧੀ ਧਿਰ ਇਸ ਨੂੰ ਜੇਲ੍ਹ ਦੀ ਸੁਰੱਖਿਆ ਨੂੰ ਖਤਰਾ ਦੱਸਦੇ ਹੋਏ ਮਾਮਲੇ ਨੂੰ ਸੰਵੇਦਨਸ਼ੀਲ ਦੱਸਿਆ। ਮਾਮਲੇ ‘ਤੇ ਜੇਲ੍ਹ ਸੁਪਰਡੈਂਟ ਐੱਨ.ਡੀ. ਨੇਗੀ ਦਾ ਕਹਿਣਾ ਹੈ ਕਿ ਇਹ ਇੰਟਰਵਿਊ ਬਠਿੰਡਾ ਜੇਲ੍ਹ ਦਾ ਨਹੀਂ ਹੈ, ਬਲਕਿ ਪੁਰਾਣਾ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਬੇਹੱਦ ਸੰਵੇਦਨਸ਼ੀਲ ਮਾਮਲਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਜੇਲ੍ਹ ਤੋਂ ਇੰਟਰਵਿਊ ਕਿਵੇਂ ਹੋ ਗਈ, ਇਸ ਨੂੰ ਕਰਵਾਉਣ ‘ਚ ਕੌਣ-ਕੌਣ ਸ਼ਾਮਲ ਹੈ, ਇਸਦੀ ਵੀ ਜਾਂਚ ਹੋਈ ਚਾਹੀਦੀ ਹੈ। ਕੀ ਇਹ ਕਿਸੇ ਦਬਾਅ ‘ਚ ਕਰਵਾਈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਸ਼ੱਕੀ ਨੂੰ ਇੰਟਰਵਿਊ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਹ ਹੱਤਿਆ ਕਾਂਡ ‘ਚ ਮਿਲੀਭੁਗਤ ਨੂੰ ਦਰਸਾਉਂਦਾ ਹੈ। ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਕਾਂਗਰਸ ਨੇਤਾ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਲ੍ਹ ਤੋਂ ਇੰਟਰਵਿਊ ਹੋਣ ਸਬੰਧੀ ਪਤਾ ਲੱਗਾ ਹੈ। ਇਹ ਜਾਂਚ ਦਾ ਵਿਸ਼ਾ ਹੈ। ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਜੇਲ੍ਹ ਤੋਂ ਇਕ ਅਪਰਾਧੀ ਦੀ ਇੰਟਰਵਿਊ ਕਿਵੇਂ ਹੋ ਸਕਦੀ ਹੈ। ਉਹ ਵੀ ਉਸਦੀ ਜੋ ਇੰਨੇ ਵੱਡੇ ਜੁਰਮ ਦਾ ਮੁਲਜ਼ਮ ਹੈ। ਇਹ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ। ਜੇਲ੍ਹਾਂ ‘ਚ ਮੋਬਾਈਲ ਦੀ ਵਰਤੋਂ ਹੋ ਰਹੀ ਹੈ। ਉਧਰ ਕੇਂਦਰੀ ਜੇਲ੍ਹ ਬਠਿੰਡਾ ਦੇ ਜੇਲ੍ਹ ਸੁਪਰਡੈਂਟ ਨੇਗੀ ਦਾ ਕਹਿਣਾ ਹੈ ਕਿ ਇਹ ਇੰਟਰਵਿਊ ਬਠਿੰਡਾ ਜੇਲ੍ਹ ਦਾ ਨਹੀਂ ਹੈ ਕਿਉਂਕਿ ਇਥੇ ਤਾਂ ਜੈਮਰ ਲੱਗੇ ਹੋਏ ਹਨ। ਇਥੇ ਮੋਬਾਈਲ ਨਹੀਂ ਚੱਲ ਸਕਦਾ। ਨੇਗੀ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਪ੍ਰੋਡਕਸ਼ਨ ਵਾਰੰਟ ‘ਤੇ ਅਕਸਰ ਲਿਜਾਇਆ ਜਾਂਦਾ ਹੈ। ਹੋ ਸਕਦਾ ਹੈ ਕਿ ਉਦੋਂ ਉਸਨੇ ਇੰਟਰਵਿਊ ਦਿੱਤਾ ਹੋਵੇ। ਇਹ ਪੁਰਾਣਾ ਹੈ। ਬਠਿੰਡਾ ਜੇਲ੍ਹ ‘ਚ ਅਜਿਹਾ ਕੋਈ ਇੰਟਰਵਿਊ ਨਹੀਂ ਹੋਇਆ ਹੈ। ਇਸ ਇੰਟਰਵਿਊ ‘ਚ ਲਾਰੈਂਸ ਬਿਸ਼ਨੋਈ ਜਿੱਥੇ ਸਿੱਧੂ ਮੂਸੇਵਾਲਾ ਦੇ ਪਿਤਾ ‘ਤੇ ਸਿਆਸਤ ਕਰਨ ਅਤੇ ਭਵਿੱਖ ‘ਚ ਸਿਆਸਤ ‘ਚ ਆਉਣ ਦੀ ਗੱਲ ਕਰਦਾ ਹੈ, ਉਥੇ ਹੀ ਵਿਦੇਸ਼ ਬੈਠੇ ਗੋਲਡੀ ਬਰਾੜ ਨੂੰ ਭਰਾ ਦੱਸਦਾ ਹੋਇਆ ਉਸਦਾ ਕਈ ਵਾਰ ਵਿਸ਼ੇਸ਼ ਜ਼ਿਕਰ ਕਰਦਾ ਹੈ।