ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਹਿਮਾਚਲ ਪ੍ਰਦੇਸ਼ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਪਹਾੜੀ ਰਾਜ ‘ਚ ਸਾਂਝਾ ਸਿਵਲ ਕੋਡ ਲਾਗੂ ਕਰਨ, ਸਰਕਾਰੀ ਨੌਕਰੀਆਂ ਤੇ ਸਿੱਖਿਆ ਸੰਸਥਾਵਾਂ ‘ਚ ਮਹਿਲਾਵਾਂ ਨੂੰ 33 ਫੀਸਦ ਰਾਖਵਾਂਕਰਨ ਅਤੇ ਵੱਖ-ਵੱਖ ਵਰਗਾਂ ਲਈ ਭਲਾਈ ਸਕੀਮਾਂ ਤੇ ਸੌਗਾਤਾਂ ਦਾ ਐਲਾਨ ਕੀਤਾ ਹੈ। ‘ਸੰਕਲਪ ਪੱਤਰ’ ਵਿੱਚ ਹਿੰਦੂਤਵ, ਵਿਕਾਸ ਤੇ ਭਲਾਈ ਨਾਲ ਜੁੜੇ ਵੱਖ ਵੱਖ ਵਾਅਦਿਆਂ ਨੂੰ ਰਲਗੱਡ ਕੀਤਾ ਗਿਆ ਹੈ। ਹਿਮਾਚਲ ‘ਚ ਪੁਰਸ਼ਾਂ ਦੇ ਮੁਕਾਬਲੇ ਮਹਿਲਾ ਵੋਟਰਾਂ ਦੀ ਫੀਸਦ ਵੱਧ ਹੋਣ ਕਰਕੇ ਨੱਢਾ ਨੇ ਮਹਿਲਾਵਾਂ ਲਈ ਵੱਖਰਾ ਮੈਨੀਫੈਸਟੋ ਜਾਰੀ ਕੀਤਾ ਹੈ। ਮਹਿਲਾ ਵਰਗ ਨਾਲ ਕੀਤੇ ਵਾਅਦਿਆਂ ਵਿੱਚ ਮੁਫ਼ਤ ਅਨਾਜ, ਕੁਕਿੰਗ ਗੈਸ ਕੁਨੈਕਸ਼ਨ ਤੇ ਪਖਾਨੇ ਆਦਿ ਸ਼ਾਮਲ ਹਨ। ਨੱਢਾ ਨੇ ਮੁੜ ਸੱਤਾ ‘ਚ ਆਉਣ ‘ਤੇ ਸਰਕਾਰੀ ਸਣੇ ਕੁੱਲ ਅੱਠ ਲੱਖ ਨੌਕਰੀਆਂ ਸਿਰਜਣ, 6ਵੀਂ ਤੋਂ 12ਵੀਂ ਜਮਾਤਾਂ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਲਈ ਸਾਈਕਲ, ਉਚੇਰੀ ਸਿੱਖਿਆ ਲੈਣ ਵਾਲੀਆਂ ਲੜਕੀਆਂ ਲਈ ਸਕੂਟਰ ਤੇ ਸੂਬੇ ‘ਚ ਪੰਜ ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੀਂ ਭਾਜਪਾ ਸਰਕਾਰ ਵਕਫ਼ ਜਾਇਦਾਦਾਂ ਦੇ ਸਰਵੇਖਣ ਦਾ ਹੁਕਮ ਦੇਵੇਗੀ। ਉਨ੍ਹਾਂ ਵਾਅਦਾ ਕੀਤਾ ਕਿ ਹਿਮਾਚਲ ਵਿੱਚ ਮੁੜ ਭਾਜਪਾ ਸਰਕਾਰ ਬਣੀ ਤਾਂ ਯੂ.ਸੀ.ਸੀ. ਲਾਗੂ ਕੀਤਾ ਜਾਵੇਗਾ ਤੇ ਇਸ ਲਈ ਕਮੇਟੀ ਵੀ ਗਠਿਤ ਕਰਾਂਗੇ। ਉਨ੍ਹਾਂ ਕਿਹਾ ਕਿ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦਿਆਂ ਨੂੰ ਮੁਫ਼ਤ ਸੌਗਾਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਸ਼ਕਤੀਕਰਨ ਤੇ ਭਰਮਾਉਣ ਵਿੱਚ ਬੜਾ ਮਹੀਨ ਫ਼ਰਕ ਹੁੰਦਾ ਹੈ। ਉਨ੍ਹਾਂ ਕਾਂਗਰਸ ਤੇ ਭਾਜਪਾ ਦੇ ਮੈਨੀਫੈਸਟੋ ਵਿੱਚ ਕਿਸੇ ਤਰ੍ਹਾਂ ਦੀ ਸਮਾਨਤਾ ਨੂੰ ਖਾਰਜ ਕਰ ਦਿੱਤਾ। ਨੱਢਾ ਨੇ ਕਿਹਾ ਕਿ ਵਿਰੋਧੀ ਪਾਰਟੀ ਨੇ ਲੋਕ ਲੁਭਾਊ ਤੇ ਵੱਡੇ ਦਾਅਵੇ ਕੀਤੇ ਹਨ ਕਿਉਂਕਿ ਉਸ ਦਾ ਇਨ੍ਹਾਂ ਨੂੰ ਪੂਰਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਭਾਜਪਾ ਨੇ ਚੋਣ ਮਨੋਰਥ ਪੱਤਰ ਵਿੱਚ 11 ‘ਵਾਅਦੇ’ ਕੀਤੇ ਹਨ, ਜਿਸ ਵਿੱਚ ਕਿਸਾਨਾਂ ਨੂੰ ਕੇਂਦਰੀ ਸਕੀਮ ਤਹਿਤ ਮਿਲਦੀ ਸਾਲਾਨਾ 6000 ਰੁਪਏ ਦੀ ਰਾਸ਼ੀ ਤੋਂ ਇਲਾਵਾ 3000 ਰੁਪਏ ਦੇਣਾ ਵੀ ਸ਼ਾਮਲ ਹੈ। ਹੋਰਨਾਂ ਵਾਅਦਿਆਂ ‘ਚ ਪਿੰਡਾਂ ਨੂੰ ਸੜਕਾਂ ਨਾਲ ਜੋੜਨਾ ਅਤੇ ‘ਸ਼ਕਤੀ’ ਪ੍ਰੋਗਰਾਮ ਤਹਿਤ ਅਗਲੇ ਦਸ ਸਾਲਾਂ ਵਿੱਚ ਟਰਾਂਸਪੋਰਟ ਤੇ ਮੰਦਿਰਾਂ ਦੁਆਲੇ ਫਿਜ਼ੀਕਲ ਇਨਫਰਾਸਟਰੱਕਚਰ ਵਿਕਸਤ ਕਰਨ ਲਈ 12000 ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੈ। ਮੈਨੀਫੈਸਟੋ ‘ਚ ਸੇਬਾਂ ਦੀ ਪੈਕਿੰਗ ‘ਤੇ ਕਿਸਾਨਾਂ ਨੂੰ ਜੀ.ਐੱਸ.ਟੀ. ਵਿੱਚ ਰਾਹਤ, ਸਟਾਰਟ ਅੱਪਸ ਨੂੰ ਹੁਲਾਰੇ ਲਈ 900 ਕਰੋੜ ਰੁਪਏ ਦਾ ਨਿਵੇਸ਼, ਡਿਊਟੀ ਦੌਰਾਨ ਸ਼ਹੀਦ ਹੋਣ ਵਾਲੀ ਫੌਜੀਆਂ ਦੇ ਪਰਿਵਾਰਾਂ ਲਈ ਮੁਆਵਜ਼ਾ, ਗਰੀਬ ਘਰਾਂ ਲਈ ਤਿੰਨ ਮੁਫ਼ਤ ਰਸੋਈ ਗੈਸ ਸਿਲੰਡਰ ਵੀ ਸ਼ਾਮਲ ਹਨ।