ਇਕ ਸ਼ਕਤੀਸ਼ਾਲੀ ਸ਼ੀਆ ਮੌਲਵੀ ਦੇ ਸਮੱਰਥਕ ਅਤੇ ਇਰਾਕੀ ਸੁਰੱਖਿਆ ਬਲਾਂ ਵਿਚਾਲੇ ਰਾਜਧਾਨੀ ਬਗਦਾਦ ‘ਚ ਲੜਾਈ ਹੋ ਗਈ। ਇਸ ‘ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ 350 ਦੇ ਕਰੀਬ ਜ਼ਖਮੀ ਹੋਏ ਹਨ। ਅਸ਼ਾਂਤੀ ਦੀ ਸਥਿਤੀ ਨੂੰ ਦੇਖਦੇ ਹੋਏ ਦੇਸ਼ ਭਰ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਮੁਕਤਾਦਾ ਅਲ-ਸਦਰ ਦੇ ਵਫ਼ਾਦਾਰ ਪ੍ਰਦਰਸ਼ਨਕਾਰੀਆਂ ਦੇ ਰਾਸ਼ਟਰਪਤੀ ਮਹਿਲ ‘ਤੇ ਹਮਲਾ ਕਰਨ ਤੋਂ ਬਾਅਦ ਸੈਂਕੜੇ ਜ਼ਖਮੀ ਹੋ ਗਏ ਹਨ। ਸਦਰ ਦੇ ਰਾਜਨੀਤੀ ਤੋਂ ਸੰਨਿਆਸ ਲੈਣ ਦੇ ਐਲਾਨ ਤੋਂ ਬਾਅਦ ਸੋਮਵਾਰ ਨੂੰ ਹਿੰਸਾ ਭੜਕ ਗਈ ਜੋ ਰਾਤ ਭਰ ਚੱਲੀ। ਈਰਾਨ ਨੇ ਇਰਾਕ ਨਾਲ ਲੱਗਦੀਆਂ ਆਪਣੀਆਂ ਸਾਰੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ ਅਤੇ ਕੁਵੈਤ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਅਪੀਲ ਕੀਤੀ ਹੈ। ਇਰਾਕ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਮੁਸਤਫਾ ਅਲ-ਕਾਦਿਮੀ ਨੇ ਸ਼ਾਂਤੀ ਦੀ ਮੰਗ ਕੀਤੀ ਅਤੇ ਕਈ ਹੋਰ ਸ਼ਹਿਰਾਂ ‘ਚ ਅਸ਼ਾਂਤੀ ਤੋਂ ਬਾਅਦ ਫੌਜ ਨੇ ਦੇਸ਼ ਵਿਆਪੀ ਕਰਫਿਊ ਦਾ ਐਲਾਨ ਕੀਤਾ। ਦੋਵਾਂ ਧਿਰਾਂ ਵਿਚਾਲੇ ਰਾਤ ਭਰ ਗੋਲੀਬਾਰੀ ਹੁੰਦੀ ਰਹੀ। ਇਸ ਦੌਰਾਨ ਵੱਡੇ ਵਿਸਫੋਟਕਾਂ ਨਾਲ ਹਮਲੇ ਵੀ ਹੋਏ। ਇਰਾਕੀ ਰਾਜਧਾਨੀ ‘ਚ ਹਾਲ ਹੀ ਦੇ ਸਾਲਾਂ ‘ਚ ਹਿੰਸਾ ਦੀ ਇਹ ਸਭ ਤੋਂ ਭਿਆਨਕ ਘਟਨਾ ਹੈ। ਜ਼ਿਆਦਾਤਰ ਲੜਾਈ ਸ਼ਹਿਰ ਦੇ ਗ੍ਰੀਨ ਜ਼ੋਨ ਦੇ ਆਲੇ-ਦੁਆਲੇ ਕੇਂਦਰਿਤ ਸੀ ਜਿੱਥੇ ਸਰਕਾਰੀ ਇਮਾਰਤਾਂ ਅਤੇ ਵਿਦੇਸ਼ੀ ਦੂਤਘਰ ਸਥਿਤ ਹਨ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਹਿੰਸਾ ਪੀਸ ਬ੍ਰਿਗੇਡ ਦੇ ਮੈਂਬਰਾਂ, ਸਦਰ ਦੇ ਵਫ਼ਾਦਾਰ ਮਿਲੀਸ਼ੀਆ ਅਤੇ ਇਰਾਕੀ ਬਲਾਂ ਵਿਚਕਾਰ ਹੋਈ। ਡਾਕਟਰਾਂ ਨੇ ਦਾਅਵਾ ਕੀਤਾ ਕਿ ਸਦਰ ਦੇ 15 ਸਮਰਥਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਲਗਭਗ 350 ਹੋਰ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਦੇ ਬੁਲਾਰੇ ਨੇ ਕਿਹਾ ਕਿ ਉਹ ਇਰਾਕ ਦੀਆਂ ਘਟਨਾਵਾਂ ਤੋਂ ਚਿੰਤਤ ਹਨ ਅਤੇ ਸਥਿਤੀ ‘ਤੇ ਕਾਬੂ ਪਾਉਣ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕਰਦੇ ਹਨ।