ਯੂਕਰੇਨ ‘ਤੇ ਰੂਸ ਵੱਲੋਂ ਕੀਤੇ ਹਮਲੇ ਤੋਂ ਬਾਅਦ ਛਿੜੀ ਜੰਗ ਨੂੰ ਇਕ ਸਾਲ ਬੀਤ ਚੁੱਕਾ ਹੈ ਅਤੇ ਹੁਣ ਰੂਸ ਨੇ ਯੂਕਰੇਨ ‘ਤੇ ਵੱਡਾ ਹਮਲਾ ਕੀਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੀ ਫੌਜ ਯੂਕਰੇਨ ਦੇ ਬਖਮੁਤ ਸ਼ਹਿਰ ‘ਤੇ ਕਬਜ਼ਾ ਕਰਨ ਦੀ ਤਿਆਰੀ ‘ਚ ਹੈ। ਰੂਸ ਇਸ ਲਈ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਿਹਾ ਹੈ। ਬਖਮੁਤ ਸ਼ਹਿਰ ਰੂਸ ਲਈ ਬਹੁਤ ਮਹੱਤਵਪੂਰਨ ਹੈ। ਰੂਸੀ ਤੋਪਾਂ ਇਥੇ ਅੱਗ ਵਰ੍ਹਾ ਰਹੀਆਂ ਹਨ। ਬਖਮੁਤ ਸ਼ਹਿਰ ਦੇ ਪ੍ਰੇਸ਼ਾਨ ਲੋਕ ਯੂਕ੍ਰਰੇਨ ਦੀ ਫੌਜ ਦੀ ਮਦਦ ਨਾਲ ਆਪਣੇ ਘਰ ਛੱਡਣ ਅਤੇ ਪੈਦਲ ਸ਼ਹਿਰ ਤੋਂ ਭੱਜਣ ਲਈ ਮਜਬੂਰ ਹੋ ਗਏ ਹਨ। ਰੂਸ ਹੁਣ ਬਖਮੁਤ ਸ਼ਹਿਰ ‘ਤੇ ਕਬਜ਼ਾ ਕਰਨ ਲਈ ਇਹ ਜੰਗ ਕਰ ਰਿਹਾ ਹੈ। ਬਖਮੁਤ ਸ਼ਹਿਰ ਕਈ ਮਹੀਨਿਆਂ ਤੋਂ ਰੂਸੀ ਫੌਜ ਦੇ ਨਿਸ਼ਾਨੇ ‘ਤੇ ਰਿਹਾ ਹੈ। ਇਸੇ ਕਾਰਨ ਬਖਮੁਤ ਦੇ ਨੇੜੇ ਕੁਝ ਲੋਕਾਂ ਨੇ ਦੇਖਿਆ ਕਿ ਯੂਕਰੇਨ ਦੀਆਂ ਫੌਜਾਂ ਨੂੰ ਨੇੜਲੇ ਪਿੰਡ ਖਰੋਮੋਵ ਤੱਕ ਪਹੁੰਚਣ ‘ਚ ਮਦਦ ਕਰਨ ਲਈ ਇਕ ਅਸਥਾਈ ਪੁਲ ਬਣਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਖਰੋਮੋਵ ‘ਚ ਹਮਲੇ ਸ਼ੁਰੂ ਹੋ ਗਏ ਅਤੇ ਘੱਟੋ-ਘੱਟ 5 ਘਰਾਂ ਨੂੰ ਅੱਗ ਲਾ ਦਿੱਤੀ ਗਈ। ਕੁਝ ਦਿਨ ਪਹਿਲਾਂ ਹੀ ਰੂਸ ਦੇ ਸੈਨਿਕਾਂ ਨੇ ਯੂਕਰੇਨ ਦੇ ਸ਼ਹਿਰ ਬਖਮੁਤ ਨੂੰ ਜਾਣ ਵਾਲੇ ਰਸਤੇ ‘ਤੇ ਤੋਪਾਂ ਦਾਗੀਆਂ ਸਨ। ਰੂਸ ਨੇ ਬਖਮੁਤ ਤੱਕ ਪਹੁੰਚਣ ਲਈ ਹੋਰ ਸਾਰੇ ਰਸਤੇ ਪਹਿਲਾਂ ਹੀ ਬੰਦ ਕਰ ਦਿੱਤੇ ਹਨ। ਰੂਸ ਦੀ ਵੈਗਨਰ ਫੌਜ ਦੇ ਮੁਖੀ ਨੇ ਕਿਹਾ ਸੀ ਕਿ ਇਹ ਸੜਕ ਅਜੇ ਵੀ ਯੂਕਰੇਨ ਦੀ ਫੌਜ ਲਈ ਖੁੱਲ੍ਹੀ ਸੀ ਪਰ ਹੁਣ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਸ਼ਹਿਰ ਹੁਣ ਖੰਡਰਾਂ ‘ਚ ਤਬਦੀਲ ਹੋ ਚੁੱਕਾ ਹੈ।