ਉੱਘੇ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ‘ਚ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਬੇਕਰਸਫੀਲਡ (ਕੈਲੀਫੋਰਨੀਆ) ‘ਚ ਇਕ ਸ਼ੋਅ ਦੌਰਾਨ ਗਾਇਕ ਕਰਨ ਔਜਲਾ ਨਾਲ ਨੱਚਦਾ ਦਿਖਾਈ ਦਿੱਤਾ। ਇਸ ਸ਼ੋਅ ‘ਚ ਕਰਨ ਔਜਲਾ ਨਾਲ ਇਕ ਹੋਰ ਪੰਜਾਬੀ ਗਾਇਕ ਸ਼ੈਰੀ ਮਾਨ ਵੀ ਸ਼ਾਮਲ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਇਕ ਵਿਆਹ ਸਮਾਗਮ ਸੀ ਜਿਥੇ ਸ਼ੋਅ ਲਈ ਗਾਇਕ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨਾਲ ਅਨਮੋਲ ਬਿਸ਼ਨੋਈ ਦੇ ਨੱਚਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਜਿਸ ਤੋਂ ਬਾਅਦ ਵਿਵਾਦ ਵੀ ਖੜ੍ਹਾ ਹੋ ਗਿਆ। ਇਸ ਤੋਂ ਫੌਰੀ ਬਾਅਦ ਗਾਇਕ ਕਰਨ ਔਜਲਾ ਦੀ ਸਫ਼ਾਈ ਵੀ ਸਾਹਮਣੇ ਆ ਗਈ ਹੈ। ਕਰਨ ਔਜਲਾ ਨੇ ਇੰਸਟਾਗ੍ਰਾਮ ‘ਤੇ ਪੋਸਟ ਸਾਂਝੀ ਕਰਕੇ ਕਿਹਾ ਕਿ ਉਨ੍ਹਾਂ ਦਾ ਇਸ ਸ਼ਖ਼ਸ ਨਾਲ ਕੋਈ ਸਬੰਧ ਨਹੀਂ ਹੈ। ਕਰਨ ਔਜਲਾ ਨੇ ਲਿਖਿਆ, ‘ਮੈਂ ਨਹੀਂ ਸੋਚਿਆ ਕਿ ਮੈਨੂੰ ਇਸ ਦੀ ਜ਼ਰੂਰਤ ਹੈ ਪਰ ਬਹੁਤ ਸਾਰੀਆਂ ਪੋਸਟਾਂ ਤੇ ਸੁਨੇਹਿਆਂ ਨੂੰ ਦੇਖਣ ਤੋਂ ਬਾਅਦ ਮੈਂ ਸਿਰਫ ਐਤਵਾਰ ਨੂੰ ਬੇਕਰਸਫੀਲਡ ‘ਚ ਇਕ ਘਟਨਾ ਬਾਰੇ ਸਪੱਸ਼ਟ ਕਰਨਾ ਚਾਹੁੰਦਾ ਸੀ। ਇਕ ਕਲਾਕਾਰ ਵਜੋਂ ਮੈਂ ਤੇ ਸ਼ੈਰੀ ਮਾਨ ਬਾਈ ਨੂੰ ਸਾਡੇ ਸਾਂਝੇ ਮਿੱਤਰ ਵਲੋਂ ਬੇਨਤੀ ਕੀਤੇ ਅਨੁਸਾਰ ਇਕ ਰਿਸੈਪਸ਼ਨ ਸ਼ੋਅ ਲਈ ਪ੍ਰਫਾਰਮ ਕਰਨ ਲਈ ਬੁੱਕ ਕੀਤਾ ਗਿਆ ਸੀ। ਇਕ ਕਲਾਕਾਰ ਹੋਣ ਦੇ ਨਾਤੇ ਸਾਨੂੰ ਇਹ ਪਤਾ ਨਹੀਂ ਹੁੰਦਾ ਕਿ ਸਾਡੇ ਲਈ ਬੁੱਕ ਕੀਤੇ ਗਏ ਵਿਆਹ ਦੇ ਸ਼ੋਅ ‘ਚ ਕੌਣ ਸ਼ਾਮਲ ਹੋ ਰਿਹਾ ਹੈ ਜਾਂ ਸੱਦਾ ਦੇ ਰਿਹਾ ਹੈ, ਇਸ ਲਈ ਮੈਂ ਬਹੁਤ ਸਾਰੇ ਵਿਆਹ ਦੇ ਸ਼ੋਅ ਕਰਨ ਨੂੰ ਤਰਜੀਹ ਨਹੀਂ ਦਿੰਦਾ ਹਾਂ। ਮੇਰੇ ਧਿਆਨ ‘ਚ ਲਿਆਂਦਾ ਗਿਆ ਹੈ ਕਿ ਮੇਰੇ ਤੇ ਸ਼ੈਰੀ ਬਾਈ ਦੀਆਂ ਵੀਡੀਓਜ਼ ਦੇ ਪਿੱਛੇ ਇਕ ਸ਼ੱਕੀ ਵਿਅਕਤੀ ਸੀ। ਜਦੋਂ ਤੱਕ ਮੈਂ ਇਨ੍ਹਾਂ ਪੋਸਟਾਂ ਤੇ ਸੁਨੇਹਿਆਂ ਨੂੰ ਨਹੀਂ ਦੇਖਿਆ, ਮੈਨੂੰ ਪਤਾ ਨਹੀਂ ਸੀ ਕਿ ਇਹ ਕੌਣ ਹੋ ਸਕਦਾ ਹੈ।’ ਕਰਨ ਔਜਲਾ ਨੇ ਅੱਗੇ ਲਿਖਿਆ, ‘ਇਕ ਕਲਾਕਾਰ ਹੋਣ ਦੇ ਨਾਤੇ ਮੈਂ ਆਪਣੇ ਪ੍ਰਦਰਸ਼ਨ ‘ਤੇ ਧਿਆਨ ਕੇਂਦਰਿਤ ਕਰਦਾ ਹਾਂ ਤੇ ਸ਼ੋਅ ਛੱਡਦਾ ਹਾਂ, ਮੈਂ ਹਰ ਇਕ ਵਿਅਕਤੀ ਵੱਲ ਧਿਆਨ ਨਹੀਂ ਦਿੰਦਾ ਕਿਉਂਕਿ ਆਲੇ ਦੁਆਲੇ ਬਹੁਤ ਸਾਰੇ ਲੋਕ ਹੁੰਦੇ ਹਨ। ਮੈਂ ਇਹ ਵੀ ਦੱਸਣਾ ਚਾਹਾਂਗਾ, ਇਥੇ ਬਹੁਤ ਸਾਰੇ ਕੈਮਰੇ ਤੇ ਫ਼ੋਨ ਲਗਾਤਾਰ ਰਿਕਾਰਡਿੰਗ ਕਰ ਰਹੇ ਸਨ ਤੇ ਆਮ ਤੌਰ ‘ਤੇ ਮੈਂ ਉਥੇ ਹਾਂ। ਮੈਂ ਜਾਣਬੁਝ ਕੇ ਕਦੇ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਦੀ ਕਿਸੇ ਚੀਜ਼ ਨਾਲ ਨਹੀਂ ਜੋੜਾਂਗਾ। ਕਿਰਪਾ ਕਰਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਮੈਨੂੰ ਇਨ੍ਹਾਂ ਗੱਲਾਂ ‘ਚ ਸ਼ਾਮਲ ਨਾ ਕਰੋ। ਇਕ ਕਲਾਕਾਰ ਵਜੋਂ ਅਸੀਂ ਪਹਿਲਾਂ ਹੀ ਬਹੁਤ ਸਾਰੀਆਂ ਚੀਜ਼ਾਂ ‘ਚੋਂ ਗੁਜ਼ਰ ਰਹੇ ਹਾਂ ਜਿਵੇਂ ਕਿ ਤੁਸੀਂ ਹੁਣ ਜਾਣਦੇ ਹੋ ਤੇ ਇਹ ਨਿਮਰਤਾਪੂਰਵਕ ਬੇਨਤੀ ਹੋਵੇਗੀ ਕਿ ਚੀਜ਼ਾਂ ਨੂੰ ਹੋਰ ਗੁੰਝਲਦਾਰ ਨਾ ਕਰੋ। ਉਮੀਦ ਹੈ ਕਿ ਇਸ ਨਾਲ ਮਾਮਲਾ ਸਪੱਸ਼ਟ ਹੋ ਜਾਵੇਗਾ।’ ਭਾਵੇਂ ਕਿ ਗਾਇਕ ਕਰਨ ਔਜਲਾ ਨੇ ਆਪਣੇ ਵੱਲੋਂ ਸਫ਼ਾਈ ਦੇ ਦਿੱਤੀ ਹੈ ਪਰ ਅਗਲੇ ਦਿਨਾਂ ‘ਚ ਇਹ ਮਾਮਲਾ ਕੀ ਤੂਲ ਫੜਦਾ ਹੈ ਇਹ ਅਗਲੇ ਦਿਨਾਂ ‘ਚ ਹੀ ਪਤਾ ਲੱਗੇਗਾ। ਅਨਮੋਲ ਬਿਸ਼ਨੋਈ ਬਾਰੇ ਇਕ ਗੱਲ ਸਾਫ ਹੋ ਗਈ ਹੈ ਕਿ ਉਹ ਕਿੱਥੇ ਹੈ? ਹਾਲਾਂਕਿ ਪਹਿਲਾਂ ਉਸ ਦੇ ਨਕਲੀ ਪਾਸਪੋਰਟ ‘ਤੇ ਕਦੇ ਕੈਨੇਡਾ ਅਤੇ ਕਦੇ ਕਿਸੇ ਹੋਰ ਮੁਲਕ ‘ਚ ਹੋਣ ਦੀ ਚਰਚਾ ਚੱਲਦੀ ਰਹੀ ਹੈ। ਇਸ ਵਾਇਰਲ ਵੀਡੀਓ ਬਾਰੇ ਹਾਲੇ ਮਰਹੂਮ ਸਿੱਧੂ ਮੂਸੇਵਾਲਾ ਦੇ ਮਾਪਿਆਂ ਬਲਕੌਰ ਸਿੰਘ ਸਿੱਧੂ ਤੇ ਮਾਂ ਚਰਨ ਕੌਰ ਦਾ ਵੀ ਕੋਈ ਪੱਖ ਸਾਹਮਣੇ ਨਹੀਂ ਆਇਆ। ਉਂਝ ਗਾਇਕ ਕਰਨ ਔਜਲਾ ਇਨ੍ਹਾਂ ਨਾਲ ਵੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਰਿਹਾ ਹੈ।