ਨਿਊਯਾਰਕ ‘ਚ ਇਕ ਸਕੂਲ ਬੱਸ ਦੇ ਬੇਕਾਬੂ ਹੋ ਕੇ ਸੜਕ ਤੋਂ ਉੱਤਰਨ ਅਤੇ ਦੋ ਖੜ੍ਹੀਆਂ ਕਾਰਾਂ ਨਾਲ ਟਕਰਾਉਣ ਦੀ ਘਟਨਾ ‘ਚ ਘੱਟੋ-ਘੱਟ 7 ਬੱਚੇ ਜ਼ਖ਼ਮੀ ਹੋ ਗਏ। ਕਾਰਾਂ ਨਾਲ ਟਕਰਾਉਣ ਤੋਂ ਬਾਅਦ ਬੱਸ ਇਕ ਘਰ ‘ਚ ਦਾਖ਼ਲ ਹੋ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਵਿਭਾਗ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਇਹ ਘਟਨਾ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 9 ਵਜੇ ਨਿਊ ਰਾਕਲੈਂਡ ਕਾਊਂਟੀ ਦੇ ਨਿਊ ਹੈਂਪਸਟੇਡ ‘ਚ ਵਾਪਰੀ। ਪੁਲੀਸ ਨੇ ਦੱਸਿਆ ਕਿ 21 ਬੱਚਿਆਂ ਨੂੰ ਲੈ ਕੇ ਜਾ ਰਹੀ ਬੱਸ ਅਚਾਨਕ ਝਟਕੇ ਨਾਲ ਸੜਕ ਤੋਂ ਉੱਤਰ ਗਈ ਅਤੇ ਬੇਕਾਬੂ ਹੋ ਕੇ ਇਕ ਦਰਖ਼ਤ ਨਾਲ ਟਕਰਾਉਂਦੇ ਹੋਏ ਉਸ ਨੇ ਉਥੇ ਖੜ੍ਹੀਆਂ ਦੋ ਕਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਇਹ ਇਕ ਘਰ ‘ਚ ਦਾਖ਼ਲ ਹੋ ਗਈ। ਕਾਰਾਂ ਪਾਰਕਿੰਗ ‘ਚ ਖੜ੍ਹੀਆਂ ਸਨ। ਉਨ੍ਹਾਂ ਦੱਸਿਆ ਕਿ 7 ਬੱਚਿਆਂ ਅਤੇ ਬੱਸ ਡਰਾਈਵਰ ਨੂੰ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੋਂ ਡਰਾਈਵਰ ਅਤੇ 5 ਬੱਚਿਆਂ ਨੂੰ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ, ਜਦੋਂਕਿ ਦੋ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਪਰ ਉਹ ਖ਼ਤਰੇ ਤੋਂ ਬਾਹਰ ਹਨ। ਪੁਲੀਸ ਹਾਦਸੇ ਦੀ ਜਾਂਚ ਕਰ ਰਹੀ ਹੈ।