ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ-ਅਮਰੀਕਨ ਅਦਾਕਾਰਾ-ਨਿਰਮਾਤਾ ਮਿੰਡੀ ਕਲਿੰਗ ਨੂੰ ਸਰਕਾਰ ਵੱਲੋਂ ਕਲਾਕਾਰਾਂ ਅਤੇ ਕਲਾ ਸਰਪ੍ਰਸਤਾਂ ਨੂੰ ਦਿੱਤੇ ਜਾਣ ਵਾਲੇ ਸਰਵਉੱਚ ਪੁਰਸਕਾਰਾਂ ਵਿੱਚੋਂ ਇਕ ਵੱਕਾਰੀ 2021 ਨੈਸ਼ਨਲ ਮੈਡਲ ਆਫ ਆਰਟਸ ਨਾਲ ਸਨਮਾਨਿਤ ਕੀਤਾ। 43 ਸਾਲਾ ਕਲਿੰਗ, ਜਿਸਨੂੰ ਵੇਰਾ ਮਿੰਡੀ ਚੋਕਲਿੰਗਮ ਵੀ ਕਿਹਾ ਜਾਂਦਾ ਹੈ, ਨੂੰ ਫਸਟ ਲੇਡੀ ਜਿਲ ਬਾਇਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਹਾਜ਼ਰੀ ‘ਚ ਇਕ ਸਮਾਰੋਹ ‘ਚ ਅਮਰੀਕਾ ‘ਚ ਕਲਾ ਨੂੰ ਅੱਗੇ ਵਧਾਉਣ ਲਈ ਸਨਮਾਨਿਤ ਕੀਤਾ ਗਿਆ। ਵੱਕਾਰੀ ਨੈਸ਼ਨਲ ਮੈਡਲ ਆਫ਼ ਆਰਟਸ ਅਮਰੀਕਨ ਸਰਕਾਰ ਦੁਆਰਾ ਕਲਾਕਾਰਾਂ, ਕਲਾ ਸਰਪ੍ਰਸਤਾਂ ਅਤੇ ਸਮੂਹਾਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਉੱਚਾ ਪੁਰਸਕਾਰ ਹੈ। ਇਹ ਉਨ੍ਹਾਂ ਮਿਸਾਲੀ ਲੋਕਾਂ ਅਤੇ ਸੰਸਥਾਵਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਅਮਰੀਕਾ ‘ਚ ਕਲਾ ਨੂੰ ਅੱਗੇ ਵਧਾਇਆ ਹੈ ਅਤੇ ਆਪਣੀਆਂ ਵਿਲੱਖਣ ਪ੍ਰਾਪਤੀਆਂ ਨਾਲ ਦੂਜਿਆਂ ਨੂੰ ਪ੍ਰੇਰਿਤ ਕੀਤਾ ਹੈ। ਅਭਿਨੇਤਰੀ ਨੂੰ ਤਗ਼ਮਾ ਭੇਟ ਕਰਦੇ ਹੋਏ ਬਾਇਡਨ ਨੇ ਕਿਹਾ ਕਿ ਕਲਿੰਗ ‘ਪ੍ਰਾਈਮਟਾਈਮ ਸਿਟਕਾਮ’ ਬਣਾਉਣ, ਲਿਖਣ ਅਤੇ ਅਦਾਕਾਰੀ ਕਰਨ ਵਾਲੀ ਪਹਿਲੀ ਗੈਰ ਗੋਰੀ ਔਰਤ ਹੈ। ਇਨਾਮ ਵੰਡ ਸਮਾਰੋਹ ‘ਚ ਫਸਟ ਲੇਡੀ ਡਾਕਟਰ ਜਿਲ ਬਾਇਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਨ੍ਹਾਂ ਦੇ ਪਤੀ ਮੌਜੂਦ ਸਨ। ਉਸਨੇ ਅੱਗੇ ਕਿਹਾ ਕਿ 43 ਸਾਲਾ ਅਭਿਨੇਤਰੀ ਆਪਣੀ ਕਹਾਣੀਆਂ ਨੂੰ ਸਪੱਸ਼ਟਤਾ ਅਤੇ ਇਮਾਨਦਾਰੀ ਨਾਲ ਸੁਣਾ ਕੇ ਨਵੀਂ ਪੀੜ੍ਹੀ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਅਮਰੀਕਨ ਰਾਸ਼ਟਰਪਤੀ ਨੇ ਕਿਹਾ, ‘ਭਾਰਤੀ ਪ੍ਰਵਾਸੀਆਂ ਦੀ ਧੀ, ਅਸੀਂ ਉਨ੍ਹਾਂ ਬਾਰੇ ਜਾਣਦੇ ਹਾਂ। ਸਾਡੀ ਉਪ ਰਾਸ਼ਟਰਪਤੀ ਵੀ ਇਕ ਭਾਰਤੀ ਪ੍ਰਵਾਸੀ ਦੀ ਧੀ ਹੈ। ਹੈਰਿਸ ਦੀ ਮਾਂ ਇਕ ਮਹਾਨ ਵਿਗਿਆਨੀ ਸੀ। ਕਲਿੰਗ ਦਾ ਜਨਮ ਇਕ ਆਰਕੀਟੈਕਟ ਪਿਤਾ ਅਤੇ ਇਕ ਪ੍ਰਸੂਤੀ-ਗਾਇਨੀਕੋਲੋਜਿਸਟ ਮਾਂ ਦੇ ਘਰ ਹੋਇਆ ਸੀ ਜੋ 1979 ‘ਚ ਨਾਈਜੀਰੀਆ ਤੋਂ ਅਮਰੀਕਾ ਆਏ ਸਨ। ਉਸਨੇ ਕਈ ਫਿਲਮਾਂ ਦੀਆਂ ਕਾਮੇਡੀਜ਼ ਲਈ ਆਪਣੀ ਅਦਾਕਾਰੀ ਦੀ ਕਾਬਲੀਅਤ ਦਿੱਤੀ ਅਤੇ ਕਿਰਦਾਰਾਂ ਨੂੰ ਆਵਾਜ਼ ਦਿੱਤੀ। ਇਸ ਦੇ ਇਲਾਵਾ ਐਨੀਮੇਟਡ ਫਿਲਮਾਂ ‘ਡੇਸਪੀਕੇਬਲ ਮੀ’ (2010), ”ਰੇਕ-ਇਟ ਰਾਲਫ਼’ (2012), ਅਤੇ ‘ਇਨਸਾਈਡ ਆਊਟ’ (2015) ਲਈ ਵੀ ਕੰਮ ਕੀਤਾ। ਨੈਸ਼ਨਲ ਮੈਡਲ ਆਫ਼ ਆਰਟਸ 12 ਹੋਰ ਕਲਾਕਾਰਾਂ ਨੂੰ ਦਿੱਤੇ ਗਏ, ਜਿਨ੍ਹਾਂ ‘ਚ ਕਲਾਕਾਰ-ਕਾਰਕੁਨ ਜੂਡਿਥ ਫਰਾਂਸਿਸਕਾ ਬਾਕਾ, ਪਰਉਪਕਾਰੀ ਫਰੇਡ ਆਇਚਨੇਰ, ਪੋਰਟੋ ਰੀਕਨ ਸੰਗੀਤਕਾਰ ਜੋਸ ਫੈਲੀਸਿਆਨੋ, ਪੋਰਟੋ ਰੀਕਨ ਚਿੱਤਰਕਾਰ ਐਂਟੋਨੀਓ ਮਾਰਟੋਰੇਲ-ਕਾਰਡੋਨਾ ਅਤੇ ਫਿਲਮ ਨਿਰਮਾਤਾ ਜੋਨ ਸ਼ਿਗੇਕਾਵਾ ਸ਼ਾਮਲ ਸਨ।