ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਹੁਣ ਤੱਕ ਭਾਰਤੀ ਮੂਲ ਦੇ 130 ਅਮਰੀਕਨ ਲੋਕਾਂ ਨੂੰ ਆਪਣੇ ਪ੍ਰਸ਼ਾਸਨ ‘ਚ ਅਹਿਮ ਅਹੁਦਿਆਂ ‘ਤੇ ਨਿਯੁਕਤ ਕੀਤਾ ਹੈ, ਜੋ ਅਮਰੀਕਾ ਦੀ ਆਬਾਦੀ ਦਾ ਇਕ ਫੀਸਦੀ ਹਿੱਸਾ ਬਣਦਾ ਹੈ। ਅਜਿਹਾ ਕਰਕੇ ਉਨ੍ਹਾਂ ਸਿਰਫ ਭਾਈਚਾਰੇ ਨਾਲ ਆਪਣਾ ਵਾਅਦਾ ਹੀ ਪੂਰਾ ਕੀਤਾ ਹੈ ਸਗੋਂ ਡੋਨਲਡ ਟਰੰਪ ਅਤੇ ਬਰਾਕ ਓਬਾਮਾ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਟਰੰਪ ਨੇ 80 ਅਤੇ ਓਬਾਮਾ ਨੇ 60 ਭਾਰਤੀ ਅਮਰੀਕੀਆਂ ਨੂੰ ਅਹਿਮ ਅਹੁਦਿਆਂ ‘ਤੇ ਨਿਯੁਕਤ ਕੀਤਾ ਸੀ। 40 ਤੋਂ ਵੱਧ ਭਾਰਤੀ-ਅਮਰੀਕਨ ਵੱਖ-ਵੱਖ ਰਾਜਾਂ ਅਤੇ ਸੰਘੀ ਪੱਧਰਾਂ ‘ਤੇ ਵੱਖ-ਵੱਖ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਰਹੇ ਹਨ, ਜਿਨ੍ਹਾਂ ‘ਚੋਂ ਚਾਰ ਅਮਰੀਕਨ ਪ੍ਰਤੀਨਿਧੀ ਸਭਾ ‘ਚ ਤਾਇਨਾਤ ਹਨ। ਇਸੇ ਤਰ੍ਹਾਂ 20 ਤੋਂ ਵੱਧ ਅਮਰੀਕਾ ਦੀਆਂ ਪ੍ਰਮੁੱਖ ਕੰਪਨੀਆਂ ਚਲਾ ਰਹੇ ਹਨ। ਬਾਇਡਨ ਨੇ ਆਪਣੇ ਪ੍ਰਸ਼ਾਸਨ ਦੇ ਲਗਪਗ ਸਾਰੇ ਵਿਭਾਗਾਂ ਅਤੇ ਏਜੰਸੀਆਂ ‘ਚ ਭਾਰਤੀ-ਅਮਰੀਕਨਾਂ ਨੂੰ ਨਿਯੁਕਤ ਕੀਤਾ ਹੈ। ਪੂੰਜੀਪਤੀ ਐੱਮ.ਆਰ. ਰੰਗਾਸਵਾਮੀ ਨੇ ਦੱਸਿਆ ਕਿ ਭਾਰਤੀ-ਅਮਰੀਕਨ ਸੇਵਾ ਭਾਵ ਨਾਲ ਭਰੇ ਹੋਏ ਹਨ ਅਤੇ ਇਹ ਉਨ੍ਹਾਂ ਵੱਲੋਂ ਨਿੱਜੀ ਖੇਤਰ ਤੋਂ ਵੱਧ ਜਨਤਕ ਖੇਤਰ ‘ਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੋਂ ਝਲਕਦਾ ਹੈ। ਬਾਇਡਨ ਦੇ ਸੈਨੇਟਰ ਦੇ ਦਿਨਾਂ ਤੋਂ ਹੀ ਉਸ ਦਾ ਭਾਰਤੀ ਭਾਈਚਾਰੇ ਨਾਲ ਰਿਸ਼ਤਾ ਕਾਫੀ ਮਜ਼ਬੂਤ ਰਿਹਾ ਹੈ। ਉਸ ਨੇ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਚੁਣ ਕੇ ਇਤਿਹਾਸ ਕਾਇਮ ਕੀਤਾ ਸੀ। ਇਸੇ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ਨੇ ਬਹੁਤ ਜ਼ਿਆਦਾ ਵਿੱਤੀ ਲੋੜ ਵਾਲੇ ਵਿਦਿਆਰਥੀਆਂ ਦੇ 10 ਹਜ਼ਾਰ ਅਮਰੀਕਨ ਡਾਲਰ ਤੱਕ ਦੇ ਕਰਜ਼ੇ ਮੁਆਫ ਕਰਨ ਦਾ ਐਲਾਨ ਕੀਤਾ ਹੈ। ਪ੍ਰਸ਼ਾਸਨ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਕਰਜ਼ਾ ਮੁਆਫੀ ਵਾਲੇ ਯੋਗ ਲਾਭਪਾਤਰੀਆਂ ਸਬੰਧੀ ਜਾਣਕਾਰੀ ਅਗਲੇ ਹਫਤੇ ਸਾਂਝੀ ਕਰ ਦਿੱਤੀ ਜਾਵੇਗੀ। ਇਸ ਯੋਜਨਾ ਤਹਿਤ ਪ੍ਰਤੀ ਸਾਲ 125,000 ਡਾਲਰ ਤੋਂ ਘੱਟ ਕਮਾਈ ਕਰਨ ਵਾਲਿਆਂ ਲਈ ਹੀ ਕਰਜ਼ੇ ਮੁਆਫ ਹੋਣਗੇ। ਜ਼ਿਕਰਯੋਗ ਹੈ ਕਿ ਬਾਇਡਨ ਦੇ ਇਸ ਕਦਮ ਦੀ ਉਦਾਰਵਾਦੀਆਂ ਅਤੇ ਰਿਪਬਲਿਕਨਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਆਪਣੇ ਸਾਥੀ ਵੀ ਇਸ ਨੂੰ ਸਿਆਸੀ ਤੌਰ ‘ਤੇ ਬਹੁਤਾ ਅਹਿਮ ਨਹੀਂ ਮੰਨ ਰਹੇ ਹਨ।