ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡ ਨੇ ਭਾਰਤੀ-ਅਮਰੀਕਨ ਵਕੀਲ ਅਤੇ ਡਿਪਲੋਮੈਟ ਰਿਚ ਵਰਮਾ ਨੂੰ ਚੋਟੀ ਦੇ ਕੂਟਨੀਤਕ ਅਹੁਦੇ ਲਈ ਨਾਮਜ਼ਦ ਕੀਤਾ ਹੈ। 54 ਸਾਲਾ ਵਰਮਾ ਇਸ ਸਮੇਂ ਮੁੱਖ ਕਾਨੂੰਨ ਅਧਿਕਾਰੀ ਅਤੇ ਮਾਸਟਰਕਾਰਡ ਵਿਖੇ ਗਲੋਬਲ ਪਬਲਿਕ ਪਾਲਿਸੀ ਦੇ ਮੁਖੀ ਹਨ। ਉਹ 16 ਜਨਵਰੀ 2015 ਤੋਂ 20 ਜਨਵਰੀ 2017 ਤੱਕ ਇੰਡੀਆ ‘ਚ ਅਮਰੀਕਾ ਦੇ ਰਾਜਦੂਤ ਵੀ ਰਹੇ। ਜੇਕਰ ਸੈਨੇਟ ਉਨ੍ਹਾਂ ਦੇ ਨਾਮ ‘ਤੇ ਮੋਹਰ ਲਗਾਉਂਦੀ ਹੈ ਤਾਂ ਉਹ ਮੈਨੇਜਮੈਂਟ ਅਤੇ ਰਿਸੋਰਸਜ਼ ਦੇ ਉਪ ਵਿਦੇਸ਼ ਮੰਤਰੀ ਅਹੁਦੇ ‘ਤੇ ਤਾਇਨਾਤ ਹੋਣਗੇ ਜਿਸ ਨਾਲ ਉਹ ਵਿਦੇਸ਼ ਵਿਭਾਗ ‘ਚ ਉੱਚ ਅਹੁਦਾ ਸੰਭਾਲਣ ਵਾਲੇ ਪਹਿਲੇ ਭਾਰਤੀ-ਅਮਰੀਕਨ ਬਣ ਜਾਣਗੇ। ਬਾਇਡੇਨ ਨੇ ਵਰਮਾ ਦੀ ਨਾਮਜ਼ਦਗੀ ਦਾ ਐਲਾਨ ਕੀਤਾ। ਵਰਮਾ ਨੇ ਓਬਾਮਾ ਪ੍ਰਸ਼ਾਸਨ ਦੌਰਾਨ ਵਿਧਾਨਿਕ ਮਾਮਲਿਆਂ ਲਈ ਸਹਾਇਕ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਅਮਰੀਕਨ ਸੈਨੇਟਰ ਹੈਰੀ ਰੀਡ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵੀ ਰਹਿ ਚੁੱਕੇ ਹਨ। ਹਾਵਰਡ ਯੂਨੀਵਰਸਿਟੀ ‘ਚ ਲਕਸ਼ਮੀ ਮਿੱਤਲ ਸਾਊਥ ਏਸ਼ੀਆ ਇੰਸਟੀਚਿਊਟ ‘ਚ ਮਾਹਿਰ ਅਤੇ ਪ੍ਰਸਿੱਧ ਵਕੀਲ ਰੌਨਕ ਡੀ ਦੇਸਾਈ ਨੇ ਕਿਹਾ, ‘ਰਾਜਦੂਤ ਵਰਮਾ ਵਿਦੇਸ਼ ਵਿਭਾਗ ‘ਚ ਦੂਜੇ ਨੰਬਰ ਦੇ ਅਧਿਕਾਰੀ ਬਣਨ ਲਈ ਪੂਰੀ ਤਰ੍ਹਾਂ ਯੋਗ ਹਨ। ਉਨ੍ਹਾਂ ਦੇ ਅਨੁਭਵ ਅਤੇ ਦੂਰ ਦ੍ਰਿਸ਼ਟੀ ਦੀ ਵਿਆਪਕਤਾ ਉਨ੍ਹਾਂ ਨੂੰ ਦੁਨੀਆ ਭਰ ‘ਚ ਅਮਰੀਕਨ ਹਿੱਤਾਂ ਅਤੇ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੀ ਰੱਖਿਆ ਕਰਨ ‘ਚ ਇਕ ਸ਼ਕਤੀਸ਼ਾਲੀ ਨੇਤਾ ਬਣਾਉਂਦੀ ਹੈ।’