‘ਆਪ’ ਸਰਕਾਰ ’ਤੇ ਬਾਦਲਾਂ ਨੂੰ ਬਚਾਉਣ ਦੇ ਦੋਸ਼
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਸਬੰਧੀ ਐੱਸ.ਆਈ.ਟੀ. ਵੱਲੋਂ ਦਿੱਤੀ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਨਤਕ ਕਰਨ ਤੋਂ ਬਾਅਦ ਇਹ ਮੁੱਦਾ ਗਰਮਾ ਗਿਆ ਹੈ। ਇਸ ਰਿਪੋਰਟ ’ਚ ਪਿਛਲੀ ਬਾਦਲ ਸਰਕਾਰ ਨੂੰ ਇਕ ਤਰ੍ਹਾਂ ਨਾਲ ਕਲੀਨਚਿੱਟ ਦੇ ਕੇ ਸਾਰਾ ਦੋਸ਼ ਡੇਰਾ ਸੱਚਾ ਸੌਦਾ ਸਿਰਸਾ ਤੇ ਇਸ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਮਡ਼੍ਹਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮੁੱਦੇ ’ਤੇ ਲੁਧਿਆਣਾ ਨੇਡ਼ੇ ਮੱਤੇਵਾਡ਼ਾ ਪਹੁੰਚੇ ਵਿਧਾਇਕ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਜਦਕਿ ਦੂਜੇ ਪਾਸੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅਰਵਿੰਦ ਕੇਜਰੀਵਾਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ।
ਸੁਖਪਾਲ ਖਹਿਰਾ ਨੇ ਕਿਹਾ ਕਿ ਬੇਅਦਬੀ ਮਾਮਲੇ ਦੀ ਬਰਗਾਡ਼ੀ ਕਾਂਡ ਦੀ ਜਿਹਡ਼ੀ ਜਾਂਚ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਾਰੀ ਕੀਤੀ ਗਈ ਹੈ ਉਹ ਜਾਅਲੀ ਹੈ, ਜਿਸ ’ਚ ਸਿੱਧੇ ਤੌਰ ’ਤੇ ਬਾਦਲਾਂ ਨੂੰ ਬਚਾਇਆ ਜਾ ਰਿਹਾ ਹੈ ਜੋ ਸਿੱਖ ਸੰਗਤ ਨੂੰ ਬਿਲਕੁਲ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਰਿਪੋਰਟ ’ਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਨਾਮਜ਼ਦ ਕੀਤਾ ਗਿਆ ਪਰ 2015-2017 ’ਚ ਜਿਨ੍ਹਾਂ ਦੀ ਸਰਕਾਰ ਸੀ ਉਸ ਸਮੇਂ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਪਨਾਹ ਦਿੱਤੀ ਗਈ ਅਤੇ ਗੁਨਾਹ ਕਰਨ ਵਾਲਿਆਂ ਨੂੰ ਬਚਾਇਆ ਗਿਆ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਾ ਕੇ ਉਨ੍ਹਾਂ ਨਾਲ ਤੁਲਨਾ ਕੀਤੀ ਸੀ ਪਰ ਇਸ ਸਬੰਧੀ ਕੇਸ ਵੀ ਸੁਖਬੀਰ ਸਿੰਘ ਬਾਦਲ ਨੇ ਵਾਪਸ ਲੈ ਲਿਆ। ਉਸ ਤੋਂ ਬਾਅਦ ਬਾਦਲ ਪਰਿਵਾਰ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ’ਤੇ ਦਬਾਅ ਪਾ ਕੇ ਡੇਰਾ ਮੁਖੀ ਨੂੰ ਮੁਆਫ਼ੀ ਦਿਵਾਈ ਅਤੇ ਇਸ ਸਰਵਉੱਚ ਤਖ਼ਤ ਦੀ ਦੁਰਵਰਤੋਂ ਕੀਤੀ।
ਵਿਧਾਇਕ ਨੇ ਕਿਹਾ ਕਿ ਬੇਅਦਬੀ ਤੋਂ ਬਾਅਦ ਬਹਿਬਲ ਕਲਾਂ ਮੋਰਚੇ ਦੌਰਾਨ ਬਾਦਲਾਂ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਜਿਸ ਦਾ ਹਲਫ਼ੀਆ ਬਿਆਨ ਉਸ ਸਮੇਂ ਦੇ ਡੀ.ਜੀ.ਪੀ. ਸੁਮੇਧ ਸੈਣੀ ਨੇ ਰਿਪੋਰਟ ’ਚ ਦਿੱਤਾ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੀ ਕਾਂਗਰਸ ਸਰਕਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ’ਤੇ ਦੋਸ਼ ਲਗਾਉਂਦੇ ਰਹੇ ਕਿ ਕਾਂਗਰਸ ਅਤੇ ਅਕਾਲੀ ਮਿਲੇ ਹੋਏ ਹਨ ਪਰ ਉਹ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਨ ਕਿ ਕੀ ਹੁਣ ‘ਆਪ’ ਅਤੇ ਅਕਾਲੀ ਦਲ ਆਪਸ ’ਚ ਰਲੇ ਹੋਏ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ’ਚ ‘ਆਪ’ ਸਰਕਾਰ ਵਲੋਂ ਬਾਦਲਾਂ ਨੂੰ ਬਚਾਇਆ ਜਾ ਰਿਹਾ ਹੈ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਅਦਬੀ ਮਾਮਲੇ ਸਬੰਧੀ ਜਾਰੀ ਕੀਤੀ ਗਈ ਰਿਪੋਰਟ ’ਤੇ ਤਾਂ ਉਂਗਲ ਉਠਾਈ ਹੀ ਨਾਲ ਹੀ ਉਨ੍ਹਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ’ਚ ਡੇਰਾ ਮੁਖੀ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਸ਼ਮੂਲੀਅਤ ਦਰਸਾਈ ਗਈ ਹੈ ਜਦੋਂ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਖ਼ੁਦ ਚੋਣਾਂ ਤੋਂ ਪਹਿਲਾਂ ਆਖਦੇ ਸਨ ਕਿ ਬੇਅਦਬੀ ਮਾਮਲਿਆਂ ’ਚ ਬਾਦਲਾਂ ਦੀ ਸ਼ਮੂਲੀਅਤ ਹੈ, ਜਿਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਬਾਦਲਾਂ ਦੀ ਭੂਮਿਕਾ ਬਾਰੇ ਚੁੱਪ ਹੈ, ਅਚਾਨਕ ਅਜਿਹਾ ਕਿਉਂ ਹੋ ਗਿਆ ਹੈ? ਬਾਜਵਾ ਨੇ ਸਵਾਲ ਕੀਤਾ ਕਿ ਕੀ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਤੋਂ ਪਹਿਲਾਂ ਇਸ ਬਾਰੇ ਦਿੱਤਾ ਬਿਆਨ ਸਿਰਫ਼ ਲੋਕਾਂ ਨਾਲ ਝੂਠਾ ਵਾਅਦਾ ਸੀ।