ਬਹਿਬਲ ਕਲਾਂ ਵਿਖੇ ਇਨਸਾਫ਼ ਮੋਰਚੇ ਵੱਲੋਂ ਜਾਮ ਕੀਤੇ ਨੈਸ਼ਨਲ ਹਾਈਵੇ ਨੂੰ ਖੋਲ੍ਹਣ ਲਈ ਮੋਰਚੇ ਨੂੰ ਅਪੀਲ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਰਾਜ ਸਰਕਾਰ ਕੋਟਕਪੂਰਾ ਤੇ ਬਹਿਬਲ ਕਲਾਂ ਬੇਅਦਬੀ ਮਾਮਲਿਆਂ ‘ਚ ਇਨਸਾਫ਼ ਦਿਵਾਉਣ ਲਈ ਪੂਰੀ ਵਚਨਬੱਧ ਹੈ। ਉਨ੍ਹਾਂ ਟਵੀਟ ਕੀਤਾ, ‘ਮੈਂ ਸੰਗਤ ਨੂੰ ਅਪੀਲ ਕਰਦਾਂ ਹਾਂ ਕਿ ਬਹਿਬਲ ਕਲਾਂ ਵਿਖੇ ਅੰਮ੍ਰਿਤਸਰ-ਬਠਿੰਡਾ ਕੌਮੀ ਮਾਰਚ ਦਾ ਜਾਮ ਖੋਲ੍ਹ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਜਲਦੀ ਨਿਆਂ ਦੇਣਾ ਸਰਕਾਰ ਦਾ ਫ਼ਰਜ਼ ਅਤੇ ਜ਼ਿੰਮੇਦਾਰੀ ਹੈ।’ ਇਹ ਮੁੱਦਾ ਪੰਜਾਬ ‘ਚ ਪਿਛਲੇ ਕੁਝ ਸਾਲਾਂ ਤੋਂ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ। ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਇਸ ਕਰਕੇ ਪੈਰ ਉੱਖੜੇ ਅਤੇ ਸ਼੍ਰੋਮਣੀ ਅਕਾਲੀ ਦਲ ਹਾਲੇ ਤੱਕ ਸਿਆਸੀ ਜ਼ਮੀਨ ਤਲਾਸ਼ ਰਿਹਾ ਹੈ ਜਿਹੜੀ ਇਸ ਕਰਕੇ ਪੈਰਾਂ ਹੇਠੋਂ ਖਿਸਕੀ ਸੀ। ਉਸ ਤੋਂ ਬਾਅਦ ਕਾਂਗਰਸ ਸਰਕਾਰ ਬਣੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਾਅਦਾ ਕੀਤਾ ਸੀ ਪਰ ਪੰਜ ਸਾਲ ਬੀਤ ਜਾਣ ‘ਤੇ ਇਸ ਮੁੱਦੇ ‘ਤੇ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆ ਸਕੀ। ਰਵਾਇਤੀ ਪਾਰਟੀਆਂ ਤੋਂ ਅੱਕੇ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੇ ਹੱਕ ‘ਚ ਵੱਡਾ ਫਤਵਾ ਦਿੱਤਾ ਪਰ ਇਸ ਸਰਕਾਰ ਬਣੀ ਨੂੰ ਵੀ ਦਸ ਮਹੀਨੇ ਬੀਤੇ ਚੁੱਕੇ ਹਨ, ਇਹ ਮਸਲਾ ਜਿਉਂ ਦਾ ਤਿਉਂ ਖੜ੍ਹਾ ਹੈ। ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ ਪੰਜਾਬ ਸਰਕਾਰ ਕੋਟਕਪੂਰਾ ਅਤੇ ਬਹਿਬਲ ਕਲਾਂ ਬੇਅਦਬੀ ਮਾਮਲਿਆਂ ‘ਚ ਇਨਸਾਫ਼ ਦਿਵਾਉਣ ਲਈ ਪੂਰੀ ਵਚਨਬੱਧ ਹੈ। ਇਸ ਲਈ ਮੈਂ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਬਹਿਬਲ ਕਲਾਂ ਵਿਖੇ ਨੈਸ਼ਨਲ ਹਾਈਵੇ ਦਾ ਜਾਮ ਖੋਲ੍ਹ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਮਾਨ ਨੇ ਅੱਗੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਜਲਦੀ ਨਿਆਂ ਦੇਣਾ ਸਰਕਾਰ ਦਾ ਫਰਜ਼ ਅਤੇ ਜ਼ਿੰਮੇਵਾਰੀ ਹੈ। ਜ਼ਿਕਰਯੋਗ ਹੈ ਕਿ ਬੀਤੀ 5 ਫਰਵਰੀ ਨੂੰ ਬੇਅਦਬੀ ਮਾਮਲੇ ‘ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਬਹਿਬਲ ਕਲਾਂ ਵਿਖੇ ਚੱਲ ਰਹੇ ਇਨਸਾਫ਼ ਮੋਰਚੇ ਵੱਲੋਂ ਸਰਕਾਰ ਨੂੰ ਦਿੱਤਾ ਅਲਟੀਮੇਟਮ ਖ਼ਤਮ ਹੋ ਗਿਆ ਸੀ। ਜਿਸ ਦੇ ਚੱਲਦਿਆਂ ਮੋਰਚੇ ਨੇ ਸੰਘਰਸ਼ ਤੇਜ਼ ਕਰਦਿਆਂ ਨੈਸ਼ਨਲ ਹਾਈਵੇ 54 ਬਠਿੰਡਾ-ਅੰਮ੍ਰਿਤਸਰ ਰੋਡ ਨੂੰ ਅਣਮਿੱਥੇ ਸਮੇਂ ਲਈ ਦੋਹਾਂ ਪਾਸਿਓਂ ਬੰਦ ਕਰ ਦਿੱਤੀ ਸੀ। ਅੱਜ ਨੈਸ਼ਨਲ ਹਾਈਵੇ ਨੂੰ ਜਾਮ ਕੀਤੇ 5 ਦਿਨ ਦਾ ਸਮਾਂ ਬੀਤ ਚੁੱਕਿਆ ਹੈ। ਹਾਲਾਂਕਿ ਪੁਲੀਸ ਵੱਲੋਂ ਰਾਹਗੀਰਾਂ ਦੀ ਪੂਰੀ ਮਦਦ ਕੀਤੀ ਜਾ ਰਹੇ ਹੈ ਤਾਂ ਜੋ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਪਰ ਫਿਰ ਵੀ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਦਾ ਮੋਰਚੇ ਦੇ ਆਗੂਆਂ ‘ਤੇ ਕੋਈ ਅਸਰ ਹੁੰਦਾ ਹੈ ਜਾਂ ਇਹ ਜਾਮ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ।