ਆਈ.ਪੀ.ਐੱਲ. ‘ਚ ਦਿੱਲੀ ਕੈਪੀਟਲਸ ਦੇ ਵਿਕਟਕੀਪਰ ਬੱਲੇਬਾਜ਼ ਫਿਲ ਸਾਲਟ ਦੇ ਤੂਫਾਨੀ ਅਰਧ ਸੈਂਕੜੇ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾ ਦਾ ਸਾਹਮਣਾ ਕਰਨਾ ਪਿਆ। ਆਰ.ਸੀ.ਬੀ. ਦੀਆਂ 182 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਨੇ ਸਾਲਟ ਦੀ 45 ਗੇਂਦਾਂ ‘ਚ 6 ਛੱਕਿਆਂ ਤੇ 8 ਚੌਕਿਆਂ ਨਾਲ 87 ਦੌੜਾਂ ਦੀ ਪਾਰੀ ਤੋਂ ਇਲਾਵਾ ਕਪਤਾਨ ਡੇਵਿਡ ਵਾਰਨਰ (22) ਦੇ ਨਾਲ ਉਸਦੀ ਪਹਿਲੀ ਵਿਕਟ ਦੀ 60, ਮਿਸ਼ੇਲ ਮਾਰਸ਼ (26) ਦੇ ਨਾਲ ਦੂਜੀ ਵਿਕਟ ਦੀ 59 ਤੇ ਰਿਲੀ ਰੋਸੋ (ਅਜੇਤੂ 35) ਦੇ ਨਾਲ ਤੀਜੀ ਵਿਕਟ ਦੀ 52 ਦੌੜਾਂ ਦੀ ਸਾਂਝੇਦਾਰੀ ਨਾਲ 20 ਗੇਂਦਾਂ ਬਾਕੀ ਰਹਿੰਦਿਆਂ ਵਿਕਟਾਂ ‘ਤੇ 187 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਦਿੱਲੀ ਨੇ ਆਰ.ਸੀ.ਬੀ. ਵਿਰੁੱਧ ਲਗਾਤਾਰ ਚਾਰ ਹਾਰ ਦੇ ਕ੍ਰਮ ਨੂੰ ਵੀ ਤੋੜਿਆ। ਟੀਮ ਅੰਕ ਸੂਚੀ ਵਿਚ 10 ਮੈਚਾਂ ‘ਚੋਂ 8 ਅੰਕਾਂ ਨਾਲ ਨੌਵੇਂ ਸਥਾਨ ‘ਤੇ ਹੈ। ਆਰ.ਸੀ.ਬੀ. ਦੀ ਟੀਮ 10 ਮੈਚਾਂ ‘ਚੋਂ 10 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਤੇ ਮਹਿਪਾਲ ਲੋਮਰੋਰ ਦੇ ਅਰਧ ਸੈਂਕੜਿਆਂ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 4 ਵਿਕਟਾਂ ‘ਤੇ 181 ਦੌੜਾਂ ਬਣਾਈਆਂ ਸਨ। ਕੋਹਲੀ ਨੇ 46 ਗੇਂਦਾਂ ‘ਚ 5 ਚੌਕਿਆਂ ਦੀ ਮਦਦ ਨਾਲ 55 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਕਪਤਾਨ ਫਾਫ ਡੂ ਪਲੇਸਿਸ (45) ਦੇ ਨਾਲ ਪਹਿਲੀ ਵਿਕਟ ਲਈ 82 ਦੌੜਾਂ ਦੀ ਸਾਂਝੇਦਾਰੀ ਕਰਕੇ ਆਰ.ਸੀ.ਬੀ. ਨੂੰ ਮਜ਼ਬੂਤ ਸਕੋਰ ਤਕ ਪਹੁੰਚਾਇਆ। ਦਿੱਲੀ ਵਲੋਂ ਮਿਸ਼ੇਲ ਮਾਰਸ਼ ਸਭ ਤੋਂ ਸਫਲ ਗੇਂਦਬਾਜ਼ ਰਿਹਾ ਜਿਸ ਨੇ 21 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਮੁਕੇਸ਼ ਕੁਮਾਰ ਤੇ ਖਲੀਲ ਅਹਿਮਦ ਨੇ 1-1 ਵਿਕਟ ਹਾਸਲ ਕੀਤੀ। ਆਰ.ਸੀ.ਬੀ. ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਜਿਸ ਤੋਂ ਬਾਅਦ ਕਪਤਾਨ ਫਾਫ ਡੂ ਪਲੇਸਿਸ ਤੇ ਕੋਹਲੀ ਨੇ 82 ਦੌੜਾਂ ਜੋੜ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਦੋਵਾਂ ਨੇ ਪਾਵਰਪਲੇਅ ‘ਚ ਬਿਨਾਂ ਵਿਕਟ ਗੁਆਏ 51 ਦੌੜਾਂ ਜੋੜੀਆਂ । ਕੋਹਲੀ ਨੇ ਖਲੀਲ ਅਹਿਮਦ ‘ਤੇ ਚੌਕੇ ਦੇ ਨਾਲ ਖਾਤਾ ਖੋਲ੍ਹਿਆ ਤੇ ਫਿਰ ਅਕਸ਼ਰ ਪੇਟਲ ਤੇ ਇਸ਼ਾਂਤ ਸ਼ਰਮਾ ਦੀ ਗੇਂਦ ਨੂੰ ਬਾਊਂਡਰੀ ਦੇ ਦਰਸ਼ਨ ਕਰਵਾਏ। ਇਸ ਦੇ ਨਾਲ ਹੀ ਕੋਹਲੀ ਆਈ.ਪੀ.ਐੱਲ. ‘ਚ 7000 ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਬੱਲੇਬਾਜ਼ ਵੀ ਬਣਿਆ। ਡੂ ਪਲੇਸਿਸ ਨੇ ਇਸ ਤੋਂ ਬਾਅਦ ਮੋਰਚਾ ਸੰਭਾਲਦੇ ਹੋਏ ਮੁਕੇਸ਼ ਕੁਮਾਰ ਦਾ ਸਵਾਗਤ 3 ਚੌਕਿਆਂ ਦੇ ਨਾਲ ਕੀਤਾ ਜਦਕਿ ਖਲੀਲ ਦੀਆਂ ਲਗਾਤਾਰ ਗੇਂਦਾਂ ‘ਤੇ ਛੱਕਾ ਤੇ ਚੌਕਾ ਮਾਰਿਆ। ਦੋਵਾਂ ਨੇ 10 ਓਵਰਾਂ ‘ਚ ਟੀਮ ਦਾ ਸਕੋਰ ਬਿਨਾਂ ਵਿਕਟ ਗੁਆਏ 79 ਦੌੜਾਂ ਤਕ ਪਹੁੰਚਾਇਆ। ਡੂ ਪਲੇਸਿਸ ਹਾਲਾਂਕਿ ਮਿਸ਼ੇਲ ਮਾਰਸ਼ ਦੀ ਗੇਂਦ ‘ਤੇ ਵੱਡੀ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ ਬਾਊਂਡਰੀ ‘ਤੇ ਅਕਸ਼ਰ ਹੱਥੋਂ ਆਊਟ ਗਏ। ਗਲੇਨ ਮੈਕਸਵੈੱਲ ਵੀ ਮਾਰਸ਼ ਦੀ ਅਗਲੀ ਗੇਂਦ ‘ਤੇ ਵਿਕਟਕੀਪਰ ਫਿਲ ਸਾਲਟ ਨੂੰ ਕੈਚ ਦੇ ਬੈਠਾ। ਮਹਿਪਾਲ ਲੋਮਰੋਰ ਨੇ ਆਉਂਦੇ ਹੀ ਕੁਲਦੀਪ ਯਾਦਵ ‘ਤੇ ਛੱਕਾ ਲਾਇਆ ਤੇ ਫਿਰ ਖੱਬੇ ਹੱਥ ਦੇ ਇਸ ਸਪਿਨਰ ਦੇ ਅਗਲੇ ਓਵਰਾਂ ‘ਚ ਵੀ ਲਗਾਤਾਰ ਗੇਂਦਾਂ ‘ਤੇ ਚੌਕਾ ਤੇ ਛੱਕਾ ਮਾਰਿਆ। ਕੋਹਲੀ ਨੇ ਇਸ ਵਿਚਾਲੇ ਇਸ਼ਾਂਤ ‘ਤੇ ਚੌਕੇ ਤੇ 2 ਦੌੜਾਂ ਦੇ ਨਾਲ 13ਵੇਂ ਓਵਰ ‘ਚ ਟੀਮ ਦਾ ਸਕੋਰ 100 ਦੌੜਾਂ ਦੇ ਪਾਰ ਪਹੁੰਚਾਇਆ। ਕੋਹਲੀ ਨੇ ਮਾਰਸ਼ ਦੀਆਂ ਗੇਂਦਾਂ ‘ਤੇ ਇਕ ਦੌੜ ਦੇ ਨਾਲ 42 ਗੇਂਦਾਂ ‘ਚ ਅਰਧ ਸੈਂਕੜਾ ਪੂਰਾ ਕੀਤਾ। ਇਸਦੇ ਨਾਲ ਹੀ ਕੋਹਲੀ ਨੇ ਆਪਣੇ ਆਈ.ਪੀ.ਐੱਲ. ਇਤਿਹਾਸ ਦਾ 50ਵਾਂ ਅਰਧ ਸੈਂਕੜਾ ਪੂਰਾ ਕੀਤਾ।