ਜਲੰਧਰ ਜ਼ਿਲ੍ਹੇ ਦੇ ਕਸਬਾ ਫਿਲੌਰ ਨੇੜਲੇ ਪਿੰਡ ਮਨਸੂਰਪੁਰ ਵਿਖੇ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਘਟਨਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੇਅਦਬੀ ਕਰਨ ਵਾਲੇ ਦੋ ਵਿਅਕਤੀਆਂ ‘ਚੋਂ ਇਕ ਮੁੰਡੇ ਨੂੰ ਸੰਗਤ ਨੇ ਮੌਕੇ ‘ਤੇ ਕਾਬੂ ਕਰ ਲਿਆ। ਦੂਜਾ ਵਿਅਕਤੀ ਭੱਜਣ ‘ਚ ਸਫਲ ਹੋ ਗਿਆ ਜਿਸ ਨੂੰ ਬਾਅਦ ‘ਚ ਸੰਗਤ ਨੇ ਥੋੜ੍ਹੀ ਦੂਰੀ ਤੋਂ ਕਾਬੂ ਕੀਤਾ। ਬੇਅਦਬੀ ਦੀ ਇਸ ਘਟਨਾ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਸੰਗਤ ਵੱਡੀ ਗਿਣਤੀ ‘ਚ ਉਥੇ ਇਕੱਤਰ ਹੋ ਗਈ ਅਤੇ ਮਾਹੌਲ ਤਣਾਅਪੂਰਨ ਹੋ ਗਿਆ। ਜ਼ਿਲ੍ਹਾ ਪੁਲੀਸ ਮੁਖੀ ਸਮੇਤ ਭਾਰੀ ਪੁਲੀਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਦਾਅਵਾ ਕੀਤਾ ਕਿ ਸਥਿਤੀ ਕਾਬੂ ਹੇਠ ਹੈ। ਪੁਲੀਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੇਰਵਿਆਂ ਮੁਤਾਬਕ ਗੁਰਦੁਆਰਾ ਸਿੰਘ ਸਭਾ ‘ਚ ਇਕ ਵਾਰ ਫੇਰ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਪਰਮਜੀਤ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਕਰੀਬ ਪੌਣੇ ਪੰਜ ਵਜੇ ਜਦ ਉਹ ਗੁਰਦੁਆਰਾ ਸਾਹਿਬ ‘ਚ ਪਹੁੰਚੇ ਤਾਂ ਗੁਰਦੁਆਰਾ ਦਾ ਤਾਲਾ ਟੁੱਟਾ ਹੋਇਆ ਦੇਖ ਕੇ ਉਨ੍ਹਾਂ ਨੂੰ ਸ਼ੱਕ ਹੋਇਆ। ਜਿਵੇਂ ਹੀ ਉਹ ਗੁਰਦਵਾਰਾ ਸਾਹਿਬ ਦੇ ਅੰਦਰ ਵੜੇ ਤਾਂ ਅੰਦਰ ਬੈਠੇ ਦੋ ਬੰਦਿਆ ‘ਚੋਂ ਇਕ ਭੱਜ ਕੇ ਬਾਹਰ ਆ ਗਿਆ ਤੇ ਉਸ ਵੱਲ ਕੁਝ ਮਾਰਨ ਲੱਗਾ। ਗ੍ਰੰਥੀ ਪਰਮਜੀਤ ਸਿੰਘ ਨੇ ਬਾਹਰ ਆ ਕੇ ਰੌਲਾ ਪਾ ਦਿੱਤਾ ਤੇ ਇੰਨੇ ਨੂੰ ਭੱਜਣ ਵਾਲੇ ਵਿਅਕਤੀ ਨੇ ਗੁਰਦੁਆਰੇ ਦੀ ਕੰਧ ਤੋਂ ਛਲਾਂਗ ਮਾਰ ਦਿੱਤੀ ਅਤੇ ਭੱਜਣ ‘ਚ ਸਫਲ ਹੋ ਗਿਆ। ਪਿੰਡ ਵਾਲਿਆਂ ਨੇ ਬਾਅਦ ‘ਚ ਇਸ ਨੂੰ ਕੁਝ ਦੂਰੀ ਤੋਂ ਫੜ ਲਿਆ। ਦੂਜਾ ਮੁੰਡਾ ਪਹਿਲਾਂ ਹੀ ਕਾਬੂ ਕਰ ਲਿਆ ਗਿਆ ਅਤੇ ਪੁਲੀਸ ਨੂੰ ਸੂਚਨਾ ਦੇ ਕੇ ਦੋਵੇਂ ਮੁਲਜ਼ਮ ਪੁਲੀਸ ਹਵਾਲੇ ਕਰ ਦਿੱਤੇ ਗਏ। ਐੱਸ.ਐੱਸ.ਪੀ. ਸਵਰਨਦੀਪ ਸਿੰਘ ਪੁਲੀਸ ਫੋਰਸ ਨਾਲ ਮੌਕੇ ‘ਤੇ ਮੌਜੂਦ ਸਨ। ਉਨ੍ਹਾਂ ਦਾਅਵਾ ਕੀਤਾ ਕਿ ਬੇਅਦਬੀ ਤੋਂ ਬਾਅਦ ਹਾਲਾਤ ਕੰਟਰੋਲ ‘ਚ ਹਨ। ਕਾਬੂ ਕੀਤੇ ਮੁੰਡੇ ਗੁੱਡੂ ਨੇ ਦੱਸਿਆ ਕਿ ਉਹ ਕੁੱਲ ਤਿੰਨ ਜਣੇ ਆਏ ਸਨ। ਉਹ ਨੇੜਲੇ ਪਿੰਡ ਦੁਸਾਂਝ ਖੁਰਦ ‘ਚ ਰਹਿੰਦੇ ਅਤੇ ਦਿਹਾੜੀ ਦਾ ਕੰਮ ਕਰਦੇ ਹਨ। ਉਸ ਦੇ ਦੱਸਣ ਮੁਤਾਬਕ ਉਹ ਚੋਰੀ ਦੀ ਨੀਅਤ ਨਾਲ ਗੁਰਦੁਆਰੇ ‘ਚ ਆਏ ਸਨ। ਘਟਨਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇਸ ‘ਤੇ ਅਫਸੋਸ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਾਰਵਾਈ ਦੀ ਮੰਗ ਕੀਤੀ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ‘ਤੇ ਬੇਅਦਬੀ ਦੀ ਘਟਨਾ ਨਾਲ ਜੁੜੀ ਇਕ ਵੀਡੀਓ ਪਾ ਕੇ ਕਾਰਵਾਈ ਦੀ ਮੰਗ ਕੀਤੀ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕੀਤਾ ਕਰਕੇ ਸਥਿਤੀ ਨੂੰ ‘ਚਿੰਤਾਜਨਕ’ ਦੱਸਿਆ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਾਣਬੁੱਝ ਕੇ ਫਿਰਕੂ ਕਾਰਵਾਈਆਂ ਅਤੇ ਸ਼ਾਂਤੀ ਭੰਗ ਕਰਨ ਲਈ ਸਮਾਜ ਵਿਰੋਧੀ ਅਨਸਰਾਂ ਨੂੰ ਸ਼ਾਮਲ ਕਰਨ ਲਈ ਖਿਚਾਈ ਕੀਤੀ।