‘ਵਿਕਸ ਸੁਪਰ ਕਲੱਬ’ ਵਿੱਚ ਲੋਕਾਂ ਦਰਮਿਆਨ ਝੜਪ ਹੋ ਗਈ ਅਤੇ ਇਸ ਝੜਪ ਦੌਰਾਨ ਗੋਲੀ ਚੱਲ ਗਈ ਜਿਸ ਕਰਕੇ ਦੋ ਲੋਕਾਂ ਦੀ ਮੌਤ ਹੋ ਗਈ। ਅਮਰੀਕਾ ‘ਚ ਉੱਤਰੀ ਪੂਰਬੀ ਫਲੋਰੀਡਾ ਦੇ ਇਕ ਕਲੱਬ ‘ਚ ਲੋਕਾਂ ਦਰਮਿਆਨ ਹੋਈ ਝੜਪ ਹੋਣ ਮਗਰੋਂ ਫਾਇਰਿੰਗ ਹੋਈ। ਅਧਿਕਾਰੀਆਂ ਨੇ ਦੱਸਿਆ ਕਈ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ ਅਤੇ ਕਈ ਅਲਰਟ ਜਾਰੀ ਕੀਤੇ ਗਏ ਹਨ। ਕਈ ਏਅਰ ਮੈਡੀਕਲ ਹੈਲੀਕਾਪਟਰ ਤਾਇਨਾਤ ਕੀਤੇ ਗਏ। ਪਲਾਟਕਾ ਪੁਲੀਸ ਵਿਭਾਗ ਨੇ ਦੱਸਿਆ ਕਿ ਚਾਰ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ ਅਤੇ ਇਕ ਵਿਅਕਤੀ ‘ਤੇ ਕਿਸੇ ਭਾਰੀ ਵਸਤੂ ਨਾਲ ਹਮਲਾ ਕੀਤਾ ਗਿਆ। ਉਸ ਨੇ ਦੱਸਿਆ ਕਿ ਗੋਲੀਆਂ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਕਲੱਬ ਦੇ ਬਾਹਰ ਇਕੱਠੇ ਇਕ ਵੱਡੇ ਗਰੁੱਪ ਦਰਮਿਆਨ ਝੜਪ ਹੋ ਗਈ ਜਿਸ ਤੋਂ ਬਾਅਦ ਗੋਲੀਬਾਰੀ ਹੋਈ। ਇਸ ਮਾਮਲੇ ‘ਚ ਤੁਰੰਤ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।